ਬਠਿੰਡਾ,26ਜੁਲਾਈ। ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੇ ਦਾਅਵਿਆਂ ਤੇ ਵਾਅਦਿਆਂ ਦੇ ਬਾਵਜੂਦ ਕਾਰਗਿਲ ਜੰਗ ਦੌਰਾਨ ‘ਅਪਰੇਸ਼ਨ ਵਿਜੇ’ ਦੇ ਪਹਿਲੇ ‘ਸ਼ਹੀਦ ਸਕੁਐਡਰਨ ਲੀਡਰ ਅਜੇ ਆਹੂਜਾ’ ਦਾ ਬੁੱਤ 21 ਵਰ੍ਹਿਆਂ ਮਗਰੋਂ ਵੀ ਨਹੀਂ ਲੱਗ ਸਕਿਆ ਹੈ। ਦੁਖਦਾਈ ਪਹਿਲੂ ਹੈ ਕਿ ਇਸ ਕੰਮ ਲਈ ਪੰਜਾਬ ਸਰਕਾਰ ਦੇ ਬੋਝੇ ਚੋਂ ਸਿਰਫ਼ ਤਿੰਨ ਲੱਖ ਰੁਪਏ ਨਹੀਂ ਨਿਕਲ ਸਕੇ ਹਨ। ਜਦੋਂ ਬੁੱਤ ਤਿਆਰ ਕਰਨ ਵਾਲੀ ਕੰਪਨੀ ਨੂੰ ਪੈਸੇ ਨਾਂ ਮਿਲੇ ਤਾਂ ਉਸ ਨੇ ਬੁੱਤ ਤਿਆਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਹੁਣ ਤਾਂ ਇਹ ਹਾਲ ਹੈ ਕਿ ਸਰਕਾਰੀ ਪੱਧਰ ਤੇ ਸ਼ਹੀਦ ਅਜੇ ਆਹੂਜਾ ਨੂੰ ਪੂਰੀ ਤਰਾਂ ਵਿਸਾਰ ਹੀ ਦਿੱਤਾ ਗਿਆ ਹੈ। ਅੱਜ ਵੀ ਬਠਿੰਡਾ ਪ੍ਰਸ਼ਾਸਨ ਵੱਲੋਂ ਕਾਰਗਿਲ ਦੇ ਸ਼ਹੀਦਾਂ ਦੀ ਸ਼ਾਨ ’ਚ ਇੱਕ ਪ੍ਰੈਸ ਨੋਟ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਕਰੋਨਾ ਕਾਰਨ ਸਮਾਗਮ ਹੋਣਾ ਤਾਂ ਸੰਭਵ ਹੀ ਨਹੀਂ ਹੈ।
ਦੱਸਣਯੋਗ ਹੈ ਕਿ ਅਜੇ ਆਹੂਜਾ ਦੀ ਤਾਇਨਾਤੀ ਬਠਿੰਡਾ ਦੇ ਭਿਸੀਆਣਾ ਹਵਾਈ ਅੱਡੇ ਵਿੱਚ ਸੀ । ਕਾਰਗਿਲ ਦੀ ਜੰਗ ਦੇ ਚੱਲਦਿਆਂ 27 ਮਈ 1999 ਨੂੰ ਉਹ ਕਸ਼ਮੀਰ ਵਿੱਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਵੱਲੋਂ ਸੁੱਟੀ ਮਿਜ਼ਾਈਲ ਦੇ ਹਮਲੇ ’ਚ ਮਾਰਿਆ ਗਿਆ ਸੀ। ਬਠਿੰਡਾ ਵਿੱਚ ਸ਼ਹੀਦ ਦਾ ਅੰਤਿਮ ਸਸਕਾਰ ਵੀ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੀ । ਸੂਤਰਾਂ ਮੁਤਾਬਕ ਰੈੱਡ ਕਰਾਸ ਸੁਸਾਇਟੀ ਬਠਿੰਡਾ ਨੇ ਉਸ ਸਮੇਂ ਨਗਰ ਕੌਂਸਲ ਬਠਿੰਡਾ ਦੇ ਇੱਕ ਅਧਿਕਾਰੀ ਰਾਹੀਂ ਦਿੱਲੀ ਦੀ ਇੱਕ ਫ਼ਰਮ ਨੂੰ ਬੁੱਤ ਤਿਆਰ ਕਰਨ ਵਾਸਤੇ 50 ਹਜ਼ਾਰ ਰੁਪਏ ਦਿੱਤੇ ਸਨ। ਪਤਾ ਲੱਗਿਆ ਹੈ ਕਿ ਡਰਾਫ਼ਟ ਮਿਲਣ ਮਗਰੋਂ ਦਿੱਲੀ ਦੀ ਫ਼ਰਮ ਨੇ ਬੁੱਤ ਦਾ ਪੈਟਰਨ ਤਿਆਰ ਕਰ ਕੇ ਆਹੂਜਾ ਪਰਿਵਾਰ ਨੂੰ ਦਿਖਾ ਦਿੱਤਾ ਸੀ।
ਉਸ ਮਗਰੋਂ ਬੁੱਤ ਤਿਆਰ ਕਰਨ ਵਾਸਤੇ ਤਿੰਨ ਲੱਖ ਦੇ ਫ਼ੰਡ ਹੋਰ ਲੋੜੀਂਦੇ ਸਨ ਜੋ ਮਿਲ ਨਾ ਸਕੇ ਅਤੇ ਬੁੱਤ ਦਾ ਕੰਮ ਅਧਵਾਟੇ ਲਟਕ ਗਿਆ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੇ ਬੁੱਤ ਵਾਸਤੇ ਤਿੰਨ ਲੱਖ ਰੁਪਏ ਹੋਰ ਦੇਣ ਦੀ ਥਾਂ ਰੈੱਡ ਕਰਾਸ ਤੋਂ ਲਏ 50 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਸਨ ਪਰ ਮਾਮਲਾ ਪੁਰਾਣਾ ਹੋਣ ਕਰਕੇ ਇਸ ਰਾਸ਼ੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਅਜੇ ਆਹੂਜਾ ਦੀ ਪਤਨੀ ਅਲਕਾ ਆਹੂਜਾ ਨੂੰ ਕੇਂਦਰ ਸਰਕਾਰ ਵੱਲੋਂ ਪੈਟਰੋਲ ਪੰਪ ਜਾਰੀ ਕਰ ਦਿੱਤਾ ਗਿਆ ਸੀ । ਦੱਸਦੇ ਹਨ ਕਿ ਦਿੱਲੀ ਵਿੱਚ ਇਕ ਪਾਰਕ ਦਾ ਨਾਮ ਵੀ ਸ਼ਹੀਦ ਦੇ ਨਾਮ ‘ਤੇ ਰੱਖਿਆ ਗਿਆ ਹੈ। ਆਹੂਜਾ ਪਰਿਵਾਰ ਦਾ ਨੰਬਰ ਨਾ ਮਿਲਣ ਕਰ ਕੇ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ ।
ਸੈਨਿਕ ਭਲਾਈ ਵਿਭਾਗ ਨੇ ਵੀ ਬੁੱਤ ਲਈ ਕੋਈ ਰਾਸ਼ੀ ਜਾਰੀ ਨਹੀਂ ਜਾਰੀ ਕੀਤੀ ਹੈ । ਅੱਜ ਐਤਵਾਰ ਹੋਣ ਕਰਕੇ ਸੈਨਿਕ ਭਲਾਈ ਵਿਭਾਗ ਬਠਿੰਡਾ ਦੇ ਦਫ਼ਤਰ ’ਚ ਵੀ ਕੋਈ ਅਧਿਕਾਰੀ ਨਹੀਂ ਮਿਲ ਸਕਿਆ। ਉਂਜ ਇੱਕ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਮਾਮਲੇ ’ਚ ਸੈਨਿਕ ਭਲਾਈ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ। ਸੂਤਰ ਆਖਦੇ ਹਨ ਕਿ ਨਿਯਮਾਂ ਅਨੁਸਾਰ ਸੈਨਿਕ ਭਲਾਈ ਵਿਭਾਗ ਸਿਰਫ਼ ਪਰਮਵੀਰ ਚੱਕਰ ਵਿਜੇਤਾ ਦੇ ਬੁੱਤ ਲਈ ਰਾਸ਼ੀ ਜਾਰੀ ਕਰ ਸਕਦਾ ਹੈ ।