ਰਾਜਪੁਰਾ, 26 ਜੁਲਾਈ, 2020 : ਇਤਰਾਜ਼ਯੋਗ ਸ਼ਬਦਾਵਲੀ ਦੀ ਵੀਡੀਓ ਬਣਾਉਣ ਵਾਲੇ ਸ਼ਿਵ ਸੈਨਾ(ਟਕਸਾਲੀ) ਦੇ ਆਗੂ ਸੁਧੀਰ ਸੂਰੀ ਦੇ ਰੂਪਨਗਰ ਜੇਲ੍ਹ ਵਿੱਚ ਕਰੋਨਾ ਪੀੜਤ ਪਾਏ ਜਾਣ ਮਗਰੋਂ ਇਲਾਜ ਲਈ ਗਿਆਨ ਸਾਗਰ ਹਸਪਤਾਲ ਲਿਆਉਣ ਤੋਂ ਬਾਦ ਸਮੁੱਚਾ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਹਸਪਤਾਲ ਦੇ ਬਾਹਰ ਸੜਕ ਉੱਤੇ, ਮੁੱਖ ਗੇਟ ਕੋਲ, ਐਮਰਜੈਂਸੀ ਗੇਟ ਕੋਲ ਚੱਪੇ-ਚੱਪੇ ਉੱਤੇ ਪੁਲੀਸ ਦਾ ਪਹਿਰਾ ਲੱਗਿਆ ਹੋਇਆ ਹੈ। ਹਸਪਤਾਲ ਵਿੱਚ ਜਾਣ ਵਾਲੇ ਕਿਸੇ ਵੀ ਕਰਮਚਾਰੀ ਅਤੇ ਮਰੀਜ਼ ਨੂੰ ਪੁਲੀਸ ਪੁੱਛ-ਗਿੱਛ ਕਰਕੇ ਹੀ ਅੰਦਰ ਜਾਣ ਦੇ ਰਹੀ ਹੈ।
ਸ਼ਿਵ ਸੈਨਾ ਆਗੂ ਨੂੰ ਸ਼ੁੱਕਰਵਾਰ ਨੂੰ ਇੱਥੇ ਲਿਆਂਦਾ ਗਿਆ ਸੀ। ਉਸਦੀ ਆਮਦ ਦਾ ਪਤਾ ਲੱਗਦਿਆਂ ਹੀ ਬੀਤੀ ਰਾਤ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਖੁਦ ਗਿਆਨ ਸਾਗਰ ਪਹੁੰਚੇ। ਉਨ੍ਹਾਂ ਨਾਲ ਰਾਜਪੁਰਾ ਦੇ ਡੀਐਸਪੀ ਜਸਵਿੰਦਰ ਸਿੰਘ ਅਤੇ ਬਨੂੜ ਦੇ ਥਾਣਾ ਮੁਖੀ ਸੁਭਾਸ਼ ਕੁਮਾਰ ਵੀ ਮੌਜੂਦ ਸਨ। ਐਸਐਸਪੀ ਸ੍ਰੀ ਸਿੱਧੂ ਨੇ ਇਸ ਮੌਕੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਥਾਨਿਕ ਪੁਲੀਸ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ।
ਥਾਣਾ ਬਨੂੜ ਦੇ ਮੁਖੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਗਿਆਨ ਸਾਗਰ ਹਸਪਤਾਲ ਦੇ ਬਾਹਰ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਦਰਜਨ ਦੇ ਕਰੀਬ ਪੁਲੀਸ ਕਰਮਚਾਰੀਆਂ ਨੂੰ ਹਸਪਤਾਲ ਦੇ ਬਾਹਿਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਸਮੁੱਚੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ ਤੇ ਜਦੋਂ ਤੱਕ ਸ਼ਿਵ ਸੈਨਾ ਆਗੂ ਦਾ ਹਸਪਤਾਲ ਵਿੱਚ ਇਲਾਜ ਚੱਲੇਗਾ, ਉਦੋਂ ਤੱਕ ਪੁਲੀਸ ਸੁਰੱਖਿਆ ਇਵੇਂ ਹੀ ਤਾਇਨਾਤ ਰਹੇਗੀ।
ਵੱਖਰੇ ਵਾਰਡ ਵਿੱਚ ਕੀਤਾ ਜਾ ਰਿਹਾ ਹੈ ਇਲਾਜ; ਮੈਡੀਕਲ ਸੁਪਰਡੈਂਟ
ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐਸਪੀਐਸ ਗੁਰਾਇਆ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਨੂੰ ਕੋਵਿਡ ਦੇ ਇਲਾਜ ਲਈ ਅਲੱਗ ਤੌਰ ਤੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਣਾਏ ਕੋਵਿਡ ਵਾਰਡ ਦੀ ਥਾਂ ਅਲੱਗ ਵਾਰਡ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਰੀ ਦਾ ਡਾਕਟਰੀ ਅਮਲੇ ਨਾਲ ਰਵੱਈਆ ਬਿਲਕੁੱਲ ਠੀਕ ਹੈ। ਇਸੇ ਦੌਰਾਨ ਅੱਜ ਹਸਪਤਾਲ ਵਿੱਚੋਂ ਅੱਜ 34 ਕਰੋਨਾ ਪੀੜਤਾਂ ਨੂੰ ਇਲਾਜ ਮੁਕੰਮਲ ਹੋਣ ਉਪਰੰਤ ਛੁੱਟੀ ਦੇਕੇ ਘਰ ਭੇਜ ਦਿੱਤਾ।