ਬਰਨਾਲਾ, 25 ਜੁਲਾਈ, 2020-ਜਿਲ੍ਹੇ ਅੰਦਰ ਕੋਰੋਨਾ ਪਾਜ਼ੀਟਿਵ ਮਰੀਜਾਂ ਦਾ ਅੰਕੜਾ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਦੇ ਚਲਦਿਆਂ ਲੋਕਾਂ ਨੂੰ ਕੋਰੋਨਾ ਦੇ ਖਤਰੇ ਤੋਂ ਹੋਰ ਵਧੇਰੇ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ। ਸ਼ੁਕਰਵਾਰ ਨੂੰ ਸਿਹਤ ਵਿਭਾਗ ਕੋਲ ਪਹੁੰਚੀ ਰਿਪੋਰਟ ਅਨੁਸਾਰ ਡੀਐਸਪੀ ਕਮਾਂਡ ਰਛਪਾਲ ਸਿੰਘ ਢੀਂਡਸਾ , ਸਾਂਝ ਕੇਂਦਰ ਚ, ਤਾਇਨਾਤ 1 ਮਹਿਲਾ ਸਿਪਾਹੀ,ਜੇਲ੍ਹ ਡਿਊਟੀ ਤੇ ਤਾਇਨਾਤ 1 ਹੋਮਗਾਰਡ ਜਵਾਨ ਅਤੇ 2 ਜੇਲ੍ਹ ਬੰਦੀਆਂ ਸਣੇ ਕੁੱਲ 7 ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਡੀਐਸਪੀ ਸਮੇਤ ਉਕਤ ਸਾਰੇ ਹੀ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕਾਂ ਨੂੰ ਵੀ ਸਿਹਤ ਵਿਭਾਗ ਦੁਆਰਾ ਇਹਤਿਆਤ ਦੇ ਤੌਰ ਤੇ ਕੁਆਰੰਟੀਨ ਕਰਨ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਪੁਸ਼ਟੀ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਵੀ ਕਰ ਦਿੱਤੀ ਹੈ। ਡਾਕਟਰ ਕੌਸ਼ਲ ਨੇ ਦੱਸਿਆ ਕਿ ਡੀਐਸਪੀ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ, ਜਦੋਂ ਕਿ ਬਾਕੀਆਂ ਨੂੰ ਆਈਸੋਲੇਟ ਕੇਂਦਰ ਸੋਹਲ ਪੱਤੀ ਵਿਖੇ ਇਲਾਜ਼ ਲਈ ਰੱਖਿਆ ਗਿਆ ਹੈ।
ਉੱਧਰ ਇਹ ਵੀ ਪਤਾ ਲੱਗਿਆ ਹੈ ਕਿ ਸਾਂਝ ਕੇਂਦਰ ਚ, ਤਾਇਨਾਤ ਮਹਿਲਾ ਸਿਪਾਹੀ ਨੂੰ ਪਹਿਲਾਂ ਵੀ ਸਾਹ ਦੀ ਤਕਲੀਫ ਰਹਿੰਦੀ ਹੈ ਜਿਸ ਕਰਕੇ ਉਸ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਨੂੰ ਆਮ ਮਰੀਜਾਂ ਨਾਲੋ ਜਿਆਦਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚੋਂ ਹੁਣ ਤੱਕ 8 ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਪਾਜ਼ੀਟਿਵ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸੰਪਰਕ ਚ, ਰਹੇ ਕੁੱਲ 29 ਵਿਅਕਤੀਆਂ ਨੂੰ ਕੋਆਰੰਨਟੀਨ ਅਤੇ 4 ਨੂੰ ਆਈਸੋਲੇਟ ਕੀਤਾ ਗਿਆ ਹੈ। ਐਸਪੀ ਡੀ ਸੁਖਦੇਵ ਸਿੰਘ ਵਿਰਕ ਅਤੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਸਹਿਤ ਉਕਤ ਸਾਰੇ ਹੀ ਪੁਲਿਸ ਮੁਲਾਜਮਾਂ ਦੀ ਹਾਲਤ ਪੂਰੀ ਤਰਾਂ ਠੀਕ ਦੱਸੀ ਜਾ ਰਹੀ ਹੈ।