ਸਰੀ, 25 ਜੁਲਾਈ, 2020-ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਹਰ ਸਾਲ ਵਾਂਗ ਕਾਮਾਗਾਟਾਮਾਰੂ ਦੇ ਮਹਾਨ ਯੋਧਿਆਂ ਦੀ ਯਾਦ ਵਿਚ ਵੈਨਕੂਵਰ ਦੇ ਸਮੁੰਦਰੀ ਕੰਢੇ ‘ਤੇ ਮੋਮਬੱਤੀਆਂ ਜਗਾ ਕੇ ਸਿਜਦਾ ਕੀਤਾ।
ਇਸ ਮੌਕੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਫਾਊਂਡੇਸ਼ਨ ਦੇ ਬਾਨੀ ਸਾਹਿਬ ਥਿੰਦ ਨੇ ਕਿਹਾ ਕਿ 23 ਮਈ, 1914 ਨੂੰ 370 ਭਾਰਤੀ (ਜਿਨ੍ਹਾਂ ਵਿਚ ਸਿੱਖ, ਮੁਸਲਿਮ ਅਤੇ ਹਿੰਦੂ ਸ਼ਾਮਲ ਸਨ) ਭਾਰਤ ਤੋਂ ਕਾਮਾਗਾਟਾਮਾਰੂ ਜਹਾਜ਼ ਰਾਹੀਂ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਵੈਨਕੂਵਰ ਹਾਰਬਰ ਦੇ ਕੰਢੇ ਤੇ ਪਹੁੰਚੇ ਸਨ। ਕੈਨੇਡਾ ਸਰਕਾਰ ਨੇ ਇਨ੍ਹਾਂ ਭਾਰਤੀਆਂ ਨੂੰ ਇੱਥੇ ਉਤਰਨ ਦੀ ਆਗਿਆ ਨਹੀਂ ਸੀ ਦਿੱਤੀ ਅਤੇ 23 ਜੁਲਾਈ, 1914 ਨੂੰ ਕਾਮਾਗਾਟਾਮਾਰੂ ਯਾਤਰੀਆਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਬੀਸੀ ਸਰਕਾਰ ਅਤੇ ਕੈਨੇਡਾ ਸਰਕਾਰ ਵੱਲੋਂ ਇਸ ਘਟਨਾ ਸਬੰਧੀ ਮੁਆਫੀ ਮੰਗ ਲਈ ਹੈ ਪਰ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਯੋਧਿਆਂ, ਗਦਰੀ ਬਾਬਿਆਂ ਅਤੇ ਸਾਡੇ ਮਹਾਨ ਵਿਰਸੇ ਸਬੰਧੀ ਇਤਿਹਾਸ ਨੂੰ ਬੀਸੀ ਦੇ ਸਕੂਲਾਂ, ਕਾਲਜਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਫੈਡਰਲ ਸਰਕਾਰ ਅਤੇ ਵੈਨਕੂਵਰ ਕੌਂਸਲ ਕੋਲੋਂ ਵੀ ਮੰਗ ਕੀਤੀ ਕਿ ਵਾਟਰ ਫਰੰਟ ਰੋਡ ਦਾ ਨਾਮ ਬਦਲ ਕੇ ਕਾਮਾਗਾਟਾਮਾਰੂ ਰੋਡ ਕੀਤਾ ਜਾਵੇ।
ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਕਾਮਾਗਾਟਾਮਾਰੂ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਟਰੂਡੋ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਇਸ ਮੰਦਭਾਗੀ ਘਟਨਾ ਲਈ ਮੁਆਫੀ ਮੰਗ ਕੇ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਸਰੀ ਦੇ ਕੌਂਸਲਰ ਜੈਕ ਹੁੰਦਲ, ਨਿਊ ਵੈਸਟਮਿਨਸਟਰ ਦੇ ਕੌਂਸਲਰ ਚਕ ਪੁਚਮਯਾਰ ਅਤੇ ਐਡਵੋਕੇਟ ਅਮਨਦੀਪ ਸਿੰਘ ਨੇ ਵੀ ਕਾਮਾਗਾਟਾਮਾਰੂ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ।