ਮਾਨਸਾ, 23 ਜੁਲਾਈ 2020 – ਸੋਮਵਾਰ ਰਾਤ ਨੂੰ ਅਤੇ ਮੰਗਲਵਾਰ ਨੂੰ ਸਵੇਰੇ ਆਏ ਮੀਂਹ ਨੇ ਲੋਕਾਂ ਦੇ ਨੱਕ ‘ਚ ਦਮ ਕਰ ਦਿੱਤਾ। ਮਾਨਸਾ ਜ਼ਿਲ੍ਹੇ ‘ਚ ਕਈ ਥਾਈਂ ਜਿੱਥੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉੱਥੇ ਹੀ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੀ ਕੰਧ ਡਿੱਗ ਪਈ। ਪਿੰਡ ਜਵਾਹਰਕੇ ‘ਚ ਇੱਕ ਧਰਮਸ਼ਾਲਾ ਦੀ ਛੱਤ ਡਿੱਗ ਗਈ।
ਵੇਰਵਿਆਂ ਮੁਤਾਬਿਕ ਅੱਜ ਪਏ ਮੀਂਹ ਨਾਲ ਤਿੰਨਕੋਣੀ ‘ਤੇ ਕਾਫੀ ਪਾਣੀ ਖੜ ਗਿਆ। ਤਿੰਨਕੋਣੀ ਦੇ ਨਾਲ ਲੱਗਦੀ ਡੀਸੀ ਦੀ ਰਿਹਾਇਸ਼ ਦੀ ਕੰਧ ਮੀਂਹ ਦਾ ਪਾਣੀ ਨਹੀਂ ਝੱਲ ਸਕੀ। ਕੰਧ ਡਿੱਗਣ ਨਾਲ ਪਾਣੀ ਡੀਸੀ ਦੀ ਰਿਹਾਇਸ਼ ਤੋਂ ਇਲਾਵਾ ਬੀਐਂਡ ਆਰ ਦਫਤਰ ਤੇ ਐਕਸੀਅਨ ਦੀ ਰਿਹਾਇਸ਼ ‘ਚ ਵੀ ਚਲਾ ਗਿਆ। ਅਧਿਕਾਰੀਆਂ ਨੂੰ ਜਦੋਂ ਕੰਧ ਡਿੱਗਣ ਦਾ ਪਤਾ ਲੱਗਿਆ ਤਾਂ ਡੀਸੀ ਰਿਹਾਇਸ਼ ‘ਚ ਹੋਰ ਪਾਣੀ ਵੜਨ ਤੋਂ ਰੋਕਣ ਦੇ ਯਤਨ ਕੀਤੇ ਗਏ।
ਡੀਸੀ ਰਿਹਾਇਸ਼ ਸਮੇਤ ਬੀਐਂਡ ਆਰ ਦਫ਼ਤਰ ਅਤੇ ਐਕਸੀਅਨ ਰਿਹਾਇਸ਼ ‘ਤੇ ਕਾਫੀ ਸਮਾਨ ਪਾਣੀ ‘ਚ ਡੁੱਬ ਗਿਆ। ਕਰਮਚਾਰੀਆਂ ਨੇ ਉੱਥੋਂ ਸਮਾਨ ਬਾਹਰ ਕੱਢਿਆ ਅਤੇ ਕੰਧ ਵਾਲੀ ਥਾਂ ‘ਤੇ ਬੰਨ ਲਾਇਆ ਪਰ ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਥਾਵਾਂ ਤੋਂ ਪਾਣੀ ਬਾਹਰ ਨਹੀਂ ਕੱਢਿਆ ਜਾ ਸਕਿਆ ਸੀ । ਇਸ ਤੋਂ ਇਲਾਵਾ ਸ਼ਹਿਰ ਦੇ ਅੰਡਰ ਬ੍ਰਿਜ ਤੋਂ ਇਲਾਵਾ ਓਵਰ ਬ੍ਰਿਜ ਕੋਲ, ਬੱਸ ਸਟੈਂਡ ਚੌਂਕ, ਸਿਨੇਮਾ ਰੋਡ, ਕਚਿਹਰੀ ਰੋਡ, ਵੀਰ ਨਗਰ ਮੁਹੱਲਾ, ਰੇਲਵੇ ਫਾਟਕ ਕੋਲ ਸੜਕਾਂ ਨੇ ਨਹਿਰਾਂ ਦਾ ਰੂਪ ਧਾਰ ਲਿਆ। ਰਾਹਗੀਰਾਂ ਨੂੰ ਅੱਜ ਦੂਜੇ ਦਿਨ ਵੀ ਸੜਕਾਂ ‘ਤੇ ਪਾਣੀ ਖੜਨ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।