ਔਕਲੈਂਡ, 22 ਜੁਲਾਈ, 2020 : ਕਹਿੰਦੇ ਨੇ ਕਿਹੜੇ ਵੇਲੇ ਸ਼ੇਰਾਂ ਨੂੰ ਘਾਹ ਖਾਣਾ ਪੈ ਜਾਏ ਕੁਝ ਪਤਾ ਨਹੀਂ ਚਲਦਾ। ਅਜਿਹਾ ਹੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ ਗਾਲੋਵੇਅ (41) ਦੇ ਨਾਲ ਹੋਇਆ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਉਸਦੀ ਮਹਿਕਮੇ ਤੋਂ ਛੁੱਟੀ (ਬਰਖਾਸਤੀ) ਕਰ ਦਿੱਤੀ ਹੈ। ਇਥੇ ਹੀ ਬਸ ਨਹੀਂ ਉਹ ਸਤੰਬਰ ਮਹੀਨੇ ਹੋਣ ਵਾਲੀ ਚੋਣ ਵੀ ਨਹੀਂ ਲੜ ਰਿਹਾ ਭਾਂਵੇ ਉਸ ਨੂੰ ਇਸ ਸਬੰਧੀ ਖੁਦ ਫੈਸਲਾ ਲੈਣ ਲਈ ਕਿਹਾ ਗਿਆ ਸੀ। ਮਾਮਲਾ ਇਹ ਸੀ ਕਿ ਉਸਦੇ ਵਿਭਾਗ ਦੇ ਵਿਚ ਕਿਸੇ ਸਟਾਫ ਮੈਂਬਰ ਨਾਲ ਨਜਾਇਜ਼ ਸੰਬੰਧ ਸਨ। ਸਾਲ ਕੁ ਪਹਿਲਾਂ ਦੀ ਇਹ ਗੱਲ ਹੈ ਅਤੇ ਇਸ ਵੇਲੇ ਭਾਵੇਂ ਉਹ ਸਟਾਫ ਵਿਚ ਨਹੀਂ ਹੈ ਪਰ ਮਾਮਲਾ ਨਿਯਮਾਂ ਦਾ ਹੈ। ਮੰਤਰੀ ਨੇ ਭਾਵੇਂ ਆਪਣੀ ਸਫਾਈ ਦੇ ਵਿਚ ਬਹੁਤ ਕੁਝ ਕਿਹਾ ਅਤੇ ਸਹਿਮਤੀ ਨਾਲ ਸਾਰਾ ਕੁਝ ਹੋਣ ਦੀ ਗੱਲ ਕਹੀ, ਪਰ ਪਹਿਲ ਨਿਯਮਾਂ ਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਦੇ ਉਪਰੋਂ ਉਸਦਾ ਅੱਜ ਵਿਸ਼ਵਾਸ਼ ਟੁੱਟ ਗਿਆ ਹੈ ਕਿ ਉਸਨੇ ਗੈਰ ਅਣਉਚਿਤ ਤਰੀਕੇ ਨਾਲ ਅਹੁਦੇ ਦੀ ਵਰਤੋਂ ਕੀਤੀ ਹੈ। ਉਸਨੇ ਮੰਤਰੀ ਪਦ ਦਾ ਉਸ ਤਰ੍ਹਾਂ ਪਾਲਣ ਨਹੀਂ ਕੀਤਾ ਜਿਸ ਤਰ੍ਹਾਂ ਦੀ ਉਸਨੂੰ ਆਸ ਸੀ। ਪ੍ਰਧਾਨ ਮੰਤਰੀ ਅਨੁਸਾਰ ਇਮੀਗ੍ਰੇਸ਼ਨ ਮੰਤਰੀ ਨੇ ਪਿਛਲੇ 12 ਮਹੀਨਿਆਂ ਦੇ ਵਿਚ ਕਾਫੀ ਕਮੀਆਂ ਵਿਖਾਈਆਂ। ਇਮੀਗ੍ਰੇਸ਼ਨ ਮੰਤਰੀ ਦਾ ਟਵੀਟਰ ਅਤੇ ਫੇਸ ਬੁੱਕ ਅਕਾਉਂਟ ਵੀ ਹਟਾ ਦਿੱਤਾ ਗਿਆ ਹੈ। ਉਸਦੀ ਮਨਿਸਟਰ ਵਾਲੀ ਪ੍ਰੋਫਾਈਲ ਹਟਾ ਦਿੱਤੀ ਗਈ ਹੈ। ਅੰਤ ਕਿਹਾ ਜਾ ਸਕਦਾ ਹੈ ਉਸਦਾ ਸਾਰਾ ਰਾਜਨੀਤਕ ਜੀਵਨ ਖਤਮ ਹੋ ਗਿਆ ਹੈ।
ਮੰਤਰੀ ਨੇ ਮੰਗੀ ਪ੍ਰਧਾਨ ਮੰਤਰੀ ਅਤੇ ਆਪਣੇ ਪਰਿਵਾਰ ਤੋਂ ਮੁਆਫੀ
: ਨਿਊਜ਼ੀਲੈਂਡ ਇਮੀਗ੍ਰੇਸ਼ਨ ਮੰਤਰੀ ਨੇ ਬਿਨਾਂ ਦੇਰੀ ਕੀਤੇ ਪ੍ਰਧਾਨ ਮੰਤਰੀ ਕੋਲੋਂ ਮੁਆਫੀ ਮੰਗ ਲਈ ਹੈ। ਉਸਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀ ਦੇ ਫੈਸਲੇ ਨੂੰ ਮੰਜ਼ੂਰ ਕਰ ਲਿਆ ਗਿਆ ਹੈ ਅਤੇ ਕਿਹਾ ਹੈ ਕਿ ਉਸ ਕੋਲੋਂ ਪੂਰੀ ਤਰ੍ਹਾਂ ਅਣਉਚਿਤ ਤਰੀਕੇ ਨਾਲ ਮੰਤਰੀ ਪਦ ਦਾ ਉਪਯੋਗ ਕੀਤਾ ਗਿਆ ਹੈ ਅਤੇ ਉਹ ਇਕ ਮੰਤਰੀ ਵਜੋਂ ਸੇਵਾ ਨਹੀਂ ਦੇ ਸਕਣਗੇ। ਇਮੀਗ੍ਰੇਸ਼ਨ ਮੰਤਰੀ ਜਿਨ੍ਹਾਂ ਕੋਲ ਦੋ ਹੋਰ ਮਹਿਕਮੇ ਵੀ ਸਨ, ਨੇ ਮਾਫੀ ਦਾ ਦਾਇਰਾ ਅੱਗੇ ਵਧਾਉਂਦਿਆਂ ਆਪਣੇ ਪਰਿਵਾਰ ਕੋਲੋਂ ਵੀ ਮਾਫੀ ਮੰਗੀ ਹੈ ਕਿਉਂਕਿ ਉਨ੍ਹਾਂ ਦੀ ਵੀ ਹੇਠੀ ਹੋਈ ਹੈ। ਪਰ ਉਸਨੇ ਪਰਿਵਾਰ ਦੀ ਨਿੱਜੀ ਜ਼ਿੰਦਗੀ ਨੂੰ ਵਿਚ ਨਾ ਲਿਆਉਣ ਦੀ ਅਪੀਲ ਕੀਤੀ ਹੈ। ਮੰਤਰੀ ਨੇ ਉਨ੍ਹਾਂ ਸਾਰੇ ਲੋਕਾਂ ਕੋਲੋਂ ਮਾਫੀ ਮੁਆਫੀ ਹੈ ਜਿਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਵਰਨਣਯੋਗ ਹੈ ਕਿ ਹੁਣ ਮੰਤਰੀ ਸਿਰਫ ਸੰਸਦ ਮੈਂਬਰ ਹਨ ਅਤੇ ਸਤੰਬਰ ਮਹੀਨੇ ਵਾਲੀ ਚੋਣ ਦੇ ਵਿਚ ਉਹ ਹਿੱਸਾ ਨਹੀਂ ਲੈਣਗੇ। ਨਿਊਜ਼ੀਲੈਂਡ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੂਈ ਨੂੰ ਬਣਾਇਆ ਗਿਆ ਹੈ।