ਵਿਟੋਰੀਆ, 21 ਜੁਲਾਈ – ਲਿਓਨੇਲ ਮੇਸੀ ਨੇ ਬਾਰਸੀਲੋਨਾ ਦੀ ਆਖਰੀ ਦੌਰ ਵਿੱਚ ਅਲਾਵੇਸ ਤੇ 5-0 ਨਾਲ ਸ਼ਾਨਦਾਰ ਜਿੱਤ ਦੌਰਾਨ ਦੋ ਗੋਲ ਕਰਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਰਿਕਾਰਡ 7ਵੀਂ ਵਾਰ ਕਿਸੇ ਇਕ ਸੈਸ਼ਨ ਵਿਚ ਸਭ ਤੋਂ ਵੱਧ ਗੋਲ ਕਰਨ ਲਈ ‘ਗੋਲਡਨ ਬੂਟ’ ਹਾਸਲ ਕੀਤਾ| ਮੇਸੀ ਨੇ ਲੀਗ ਵਿਚ ਕੁਲ 25 ਗੋਲ ਕੀਤੇ, ਜਿਹੜੇ ਉਸਦੇ ਨੇੜਲੇ ਵਿਰੋਧੀ ਕਰੀਮ ਬੇਂਜੇਮਾ ਤੋਂ 4 ਗੋਲ ਵੱਧ ਹਨ | ਬੇਂਜੇਮਾ ਰੀਅਲ ਮੈਡ੍ਰਿਡ ਤੇ ਲੇਗਾਨੇਸ ਵਿਚਾਲੇ 2-2 ਨਾਲ ਡਰਾਅ ਰਹੇ ਮੈਚ ਵਿੱਚ ਗੋਲ ਨਹੀਂ ਕਰ ਸਕਿਆ ਸੀ| ਮੇਸੀ ਲੀਗ ਵਿੱਚ 7 ਵੱਖ-ਵੱਖ ਸੈਸ਼ਨਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ| ਸੱਟ ਕਾਰਣ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਵਿੱਚ ਨਾ ਖੇਡ ਸਕਣ ਦੇ ਬਾਵਜੂਦ ਉਸ ਨੇ ਇਹ ਉਪਲੱਬਧੀ ਹਾਸਲ ਕੀਤੀ| ਅਰਜਨਟੀਨਾ ਦੇ ਇਸ ਸਟਾਰ ਨੇ 33 ਮੈਚਾਂ ਵਿਚ 25 ਗੋਲ ਕੀਤੇ| ਇਸ ਤੋਂ ਪਹਿਲਾਂ ਉਹ ਟੇਲਮੋ ਜਾਰਾ ਦੇ ਨਾਲ ਬਰਾਬਰੀ ਤੇ ਸੀ| ਉਸ ਨੇ ਲਗਾਤਾਰ ਚਾਰ ਸੈਸ਼ਨਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਹਿਊਜੋ ਸਾਂਜੇਚ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ| ਮੇਸੀ ਨੇ ਕਿਹਾ,”ਨਿੱਜੀ ਉਪਲੱਬਧੀਆਂ ਬਾਅਦ ਵਿਚ ਆਉਂਦੀਆਂ ਹਨ| ਚੰਗਾ ਹੁੰਦਾ ਜੇਕਰ ਅਸੀਂ ਇਸਦੇ ਨਾਲ ਹੀ ਖਿਤਾਬ ਵੀ ਜਿੱਤਣ ਵਿਚ ਸਫਲ ਰਹਿੰਦੇ|” ਬਾਰਸੀਲੋਨਾ ਵਲੋਂ ਅਲਾਵੇਸ ਵਿਰੁੱਧ ਐਤਵਾਰ ਨੂੰ ਅੰਸ਼ੂ ਫਾਤੀ, ਲੂਈ ਸੁਆਰੇਜ ਤੇ ਨੈਲਸਨ ਸੇਮੇਡੋ ਨੇ ਵੀ ਗੋਲ ਕੀਤੇ| ਬਾਰਸੀਲੋਨਾ ਲੀਗ ਵਿਚ ਰੀਅਲ ਮੈਡ੍ਰਿਡ ਤੋਂ ਬਾਅਦ ਦੂਜੇ ਸਥਾਨ ਤੇ ਰਿਹਾ|
ਸਪੇਨ ਦੀ ਫੁੱਟਬਾਲ ਲੀਗ ‘ਲਾ ਲਿਗਾ’ ਦੇ ਇਕ ਸੈਸ਼ਨ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਇਹ ਐਵਾਰਡ ਮਿਲਦਾ ਹੈ| ਇਸ ਤੋਂ ਪਹਿਲਾਂ ਐਥਲੈਟਿਕ ਬਿਲਬਾਓ ਟੇਲਮੋ ਜਾਰਾ ਨੇ 6 ਵਾਰ ਇਹ ਐਵਾਰਡ ਜਿੱਤਿਆ ਸੀ| ਉਸ ਨੂੰ 6ਵੀਂ ਵਾਰ ਇਹ ਸਨਮਾਨ 1953 ਵਿੱਚ ਮਿਲਿਆ ਸੀ|