ਐਸ ਏ ਐਸ ਨਗਰ, 31 ਅਗਸਤ- ਸਥਾਨਕ ਫੇਜ਼ 9 ਦੇ ਕਵਾਟਰਾਂ ਦੇ ਵਿੱਚ ਸਥਿਤ ਕਬਰਿਸਤਾਨ ਦੀ ਥਾਂ ਦੀ ਚਾਰਦਿਵਾਰੀ ਦਾ ਕੰਮ ਅੱਜ ਮੁਸਲਿਮ ਭਾਈਚਾਰੇ ਵਲੋਂ ਸ਼ੁਰੂ ਕਰਵਾਇਆ ਗਿਆ। ਜਿਸ ਵੇਲੇ ਇਹ ਕੰਮ ਸ਼ੁਰੂ ਕੀਤਾ ਗਿਆ ਉਸ ਵੇਲੇ ਸਥਾਨਕ ਵਸਨੀਕਾਂ ਵਲੋਂ ਇਸ ਕੰਮ ਦਾ ਵਿਰੋਧ ਕਰਨ ਤੇ ਇੱਕ ਵਾਰ ਸਥਿਤੀ ਤਨਾਓਪੂਰਨ ਹੋਣ ਵਾਲੀ ਸੀ ਪਰੰਤੂ ਪ੍ਰਸ਼ਾਸਨ ਅਤੇ ਪੁਲੀਸ ਵਲੋਂ ਦਖਲ ਦਿੰਦਿਆਂ ਵਸਨੀਕਾਂ ਨੂੰ ਸਮਝਾਇਆ ਗਿਆ ਜਿਸਤੋਂ ਬਾਅਦ ਇਹ ਕੰਮ ਸ਼ੁਰੂ ਕਰਵਾਇਆ ਗਿਆ।
ਮੌਕੇ ਤੇ ਹਾਜਿਰ ਮੁਸਲਿਮ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਵਕਫ ਬੋਰਡ ਦੇ ਮਂੈਬਰ ਸਿਤਾਰ ਮੁਹੰਮਦ ਲਿਬੜਾ ਨੇ ਕਿਹਾ ਕਿ ਵਕਫ ਬੋਰਡ ਦੀ ਇਹ ਜਮੀਨ ਕੁੰਭੜਾ ਦੇ ਮੁਸਲਿਮ ਭਾਈਚਾਰੇ ਦੇ ਕਬਰਸਤਾਨ ਲਈ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਇਥੇ ਚਾਰ ਦਿਵਾਰੀ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਪਰ ਸਥਾਨਕ ਨਿਵਾਸੀਆਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਸੀ ਅਤੇ ਮਾਹੌਲ ਤਨਾਓ ਪੂਰਨ ਹੋ ਗਿਆ ਸੀ, ਜਿਸ ਕਰਕੇ ਕੰਮ ਬੰਦ ਕਰ ਦਿਤਾ ਗਿਆ ਸੀ।
ਉਹਨਾਂ ਦੱਸਿਆ ਕਿ ਬੀਤੇ ਦਿਨੀਂ ਵਕਫ ਬੋਰਡ ਵਲੋਂ ਏ ਡੀ ਸੀ ਮੁਹਾਲੀ ਨੂੰ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਇੱਥੇ ਸੁਰਖਿਆ ਮੁਹਈਆ ਕਰਵਾਈ ਜਾਵੇ ਜਿਸਤੋਂ ਬਾਅਦ ਅੱਜ ਪ੍ਰਸ਼ਾਸਨ ਅਤੇ ਪੁਲੀਸ ਦੀ ਹਾਜਰੀ ਵਿਚ ਇਹ ਕੰਮ ਆਰੰਭ ਕਰਵਾਇਆ ਗਿਆ ਹੈ ਅਤੇ ਹੁੁਣ ਸ਼ਾਂਤੀ ਪੂਰਨ ਤਰੀਕੇ ਨਾਲ ਚਾਰਦਿਵਾਰੀ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਥਾਨਕ ਕੌਂਸਲਰ ਸz. ਕਮਲਪ੍ਰੀਤ ਸਿੰਘ ਬਨੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਕਬਰਸਿਤਾਨ ਦੀ ਇਹ ਜਮੀਨ ਵਕਫ ਬੋਰਡ ਦੇ ਅਧੀਨ ਸੀ, ਜਿਸ ਤੇ ਚਾਰਦਿਵਾਰੀ ਬਣਾਉਣ ਦਾ ਕੰਮ ਵਿਰੋਧ ਕਰ ਰਹੇ ਸਥਾਨਕ ਨਿਵਾਸੀਆਂ ਨੂੰ ਸਮਝਾਂਉਣ ਤੋ ਬਾਅਦ ਸ਼ੁਰੂ ਕਰ ਦਿਤਾ ਗਿਆ। ਉਹਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਵਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਸ ਜਮੀਨ ਤੇ ਲਾਈਬ੍ਰੇਰੀ ਜਾਂ ਡਿਸਪੈਂਸਰੀ ਬਣਵਾਈ ਜਾਵੇਗੀ ਕਿਉਂਕਿ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਵਾਸਤੇ ਬਲੌਂਗੀ ਨੇੜੇ ਜਮੀਨ ਦਿਤੀ ਗਈ ਹੈ।
ਉਹਨਾਂ ਕਿਹਾ ਕਿ ਸਥਾਨਕ ਵਸਨੀਕਾਂ ਵਲੋਂ ਉਹਨਾਂ ਨੂੰ ਕਈ ਵਾਰ ਕਿਹਾ ਗਿਆ ਸੀ ਕਿ ਇਸ ਥਾਂ ਘਾਹ, ਗਾਜਰ ਬੂਟੀ ਆਦਿ ਉਗੇ ਹੋਣ ਕਰਕੇ ਸੱਪ ਰਹਿੰਦੇ ਸਨ, ਜੋ ਕਿ ਲੋਕਾਂ ਦੇ ਘਰਾਂ ਅੰਦਰ ਚਲੇ ਜਾਂਦੇ ਸਨ। ਉਹਨਾਂ ਕਿਹਾ ਕਿ ਚਾਰਦਿਵਾਰੀ ਤੋਂ ਬਾਅਦ ਸਫਾਈ ਕਰਵਾ ਕੇ ਇਥੇ ਸੌ ਦੇ ਕਰੀਬ ਪੌਦੇ ਲਗਾਏ ਜਾਣਗੇ।
ਮੌਕੇ ਤੇ ਹਾਜਿਰ ਨਾਇਬ ਤਹਿਸੀਲਦਾਰ ਸz. ਅਰਜਨ ਸਿੰਘ ਨੇ ਕਿਹਾ ਕਿ ਤਹਿਸੀਲਦਾਰ ਰਵਿੰਦਰ ਬਾਂਸਲ ਅਤੇ ਉਹਨਾਂ ਵਲੋਂ ਇਥੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰਖੱਣ ਲਈ ਯਤਨ ਕੀਤੇ ਗਏ ਹਨ ਅਤੇ ਅਤੇ ਸ਼ਾਂਤਮਈ ਤਰੀਕੇ ਨਾਲ ਚਾਰਦਿਵਾਰੀ ਕਰਵਾਈ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸੰਜੂ, ਦਿਲਬਰ ਖਾਨ ਮਟੌਰ, ਸੁਦਾਗਰ ਖਾਨ ਮਟੌਰ, ਸ਼ੇਰ ਅਲੀ ਮੁਹੰਮਦ ਗੋਬਿੰਦਗੜ੍ਹ, ਅਸਲਮ ਖਾਨ, ਮੁਹੰਮਦ ਸਦੀਕ, ਅਮਰ ਮੁਸਤਫਾ ਪ੍ਰਧਾਨ ਮੁਸਲਿਮ ਮਹਾਂਸਭਾ ਮੁਹਾਲੀ, ਬਹਾਦਰ ਖਾਨ, ਐਡਵੋਕੇਟ ਅਬਦੁਲ ਅਜੀਜ, ਸਿਕੰਦਰ ਖਾਨ ਮਟੌਰ, ਚੰਨੀ ਮਟੌਰ, ਕੁੰਭੜਾ ਸੈਕਟਰ 68, ਫੇਜ਼ 9 ਦੇ ਮੁਸਲਿਮ ਭਾਈਚਾਰੇ ਦੇ ਆਗੂ ਮੌਜੂਦ ਸਨ।