ਬਠਿੰਡਾ, 21 ਜੁਲਾਈ 2020 – ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੀ ਧੀਅ ਅਰਸ਼ਦੀਪ ਕੌਰ ਬਰਾੜ ਨੇ ਰਾਜਸਥਾਨ ਦੇ ਗੁਲਾਬੀ ਨਗਰੀ ਵਜੋਂ ਜਾਣੇ ਜਾਂਦੇ ਜੈਪੁਰ ਸ਼ਹਿਰ ਦੀ ਸਹਾਇਕ ਕੁਲੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। ਪੰਜਾਬ ’ਚ ਇਸ ਅਹੁਦੇ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਵਜੋਂ ਜਾਣਿਆ ਜਾਂਦਾ ਹੈ। ਅਰਸ਼ਦੀਪ ਨੇ ਕੁੱਝ ਸਮਾਂ ਪਹਿਲਾਂ ਰਾਜਸਥਾਨ ਪ੍ਰਬੰਧਕੀ ਸੇਵਾਵਾਂ (ਆਰ.ਏ.ਐੱਸ) ਦੀ ਪ੍ਰੀਖਿਆ ਪਾਸ ਕੀਤੀ ਸੀ ਜਿਸ ਨੂੰ ਹੁਣ ਭਾਗ ਲੱਗੇ ਹਨ। ਸਿੱਖਿਆ ਵਿਭਾਗ ਚੋਂ ਮੁੱਖ ਅਧਿਆਪਕ ਦੇ ਤੌਰ ਤੇ ਸੇਵਾਮੁਕਤ ਹੋਏ ਪਰਮਜੀਤ ਸਿੰਘ ਬਰਾੜ ਦੀ ਲੜਕੀ ਅਰਸ਼ਦੀਪ ਦੀ ਨਿਯੁਕਤੀ ਨੂੰ ਲੈਕੇ ਇਤਿਹਾਸਕ ਪਿੰਡ ਦਾਨ ਸਿੰਘ ਵਾਲਾ ਦੇ ਵਾਸੀਆਂ ’ਚ ਖੁਸ਼ੀਆਂ ਦਾ ਮਹੌਲ ਹੈ। ਪਿੰਡ ਵਾਸੀਆ ਨੇ ਅਰਸ਼ਦੀਪ ਦੇ ਪਿਤਾ ਨੂੰ ਵਧਾਈ ਦੇ ਕੇ ਖੁਸ਼ੀ ਸਾਂਝੀ ਕੀਤੀ ਅਤੇ ਆਖਿਆ ‘ਸ਼ੁਕਰੀਆ ਧੀਏ’ ਤੂੰ ਪਿੰਡ ਹੀ ਨਹੀਂ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ।
ਰੌਚਕ ਤੱਥ ਹੈ ਕਿ ਆਪਣੀ ਹਿੰਮਤ ਤੇ ਹੌਂਸਲੇ ਨਾਲ ਵੰਡੀ ਜੰਗ ਜਿੱਤਣ ਵਾਲੀ ਅਰਸ਼ਦੀਪ ਕੌਰ ਬਰਾੜ ਨੇ ਮੁਢਲੀ ਸਿੱਖਿਆ ਸ਼ੁਰੂ ਕਰਦਿਆਂ ਹੀ ਕੁੱਝ ਕਰ ਦਿਖਾਉਣ ਦਾ ਸੁਫਨਾ ਲਿਆ ਸੀ ਜਿਸ ਨੂੰ ਉਸ ਨੇ ਪੂਰਾ ਕਰ ਦਿਖਾਇਆ ਹੈ। ਰੇਤਲੇ ਟਿੱਬਿਆਂ ਤੇ ਧੂੜ ਭਰੇ ਵਾਵਰੋਲਿਆਂ ਅਤੇ ਕੰਡਿਆਲੀ ਪੋਹਲੀ ਵਾਲੇ ਇਸ ਇਲਾਕੇ ’ਚ ਇਹੋ ਜਿਹੇ ਵੀ ਦਿਨ ਹੁੰਦੇ ਸਨ ਜਦੋਂ ਧੀਆਂ ਭੈਣਾਂ ਦਾ ਘਰੋਂ ਪੈਰ ਪੁੱਟਣਾ ਜੁਰਮ ਬਰਾਬਰ ਸੀ ਜਦੋਂਕਿ ਹੁਣ ਵੀ ਉਹ ਅਜਿਹੇ ਹੀ ਮਹੌਲ ਵਾਲਾ ਖਿੱਤਾ ਮੰਨੇ ਜਾਂਦੇ ਰਾਜਸਥਾਨ ’ਚ ਆਪਣੀ ਪ੍ਰਸ਼ਾਸ਼ਨਿਕ ਸਮਰੱਥਾ ਦਾ ਲੋਹਾ ਮਨਵਾਉਣ ਜਾ ਰਹੀ ਹੈ। ਅਰਸ਼ਦੀਪ ਬਰਾੜ ਦੇ ਸਹੁਰੇ ਹਰਿਆਣਾ ਦੇ ਮਹੱਤਵਪੂਰਨ ਸ਼ਹਿਰ ਤੇ ਟ੍ਰਾਈਸਿਟੀ ਦਾ ਇੱਕ ਅੰਗ ਕਹਾਉਂਦੇ ਪੰਚਕੂਲਾ ’ਚ ਹਨ। ਸਹੁਰਾ ਪ੍ਰੀਵਾਰ ਚੰਗਾ ਕਾਰੋਬਾਰੀ ਹੈ ਜਿਸ ਨੇ ਅਰਸ਼ਦੀਪ ਦੇ ਸੁਫਨਿਆਂ ਨੂੰ ਖੰਭ ਲਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ।
ਅਰਸ਼ਦੀਪ ਕੌਰ ਦੇ ਪਿਤਾ ਪਰਮਜੀਤ ਸਿੰਘ ਜੋ ਬਠਿੰਡਾ ਵੱਸ ਗਏ ਸਨ ਨੇ ਦੱਸਿਆ ਕਿ ਅਸਲ ’ਚ ਅਰਸ਼ਦੀਪ ਵਿੱਚ ਬਚਪਨ ਤੋਂ ਹੀ ਜਨੂੰਨ ਸੀ ਤੇ ਉਹ ਕੁੱਝ ਨਾਂ ਕੁੱਝ ਕਰਕੇ ਵਿਖਾਉਣਾ ਚਾਹੁੰਦੀ ਸੀ। ਇਸੇ ਦਾ ਹੀ ਸਿੱਟਾ ਹੈ ਕਿ ਜਿੱਥੇ ਊਸ ਨੇ ਪੜਾਈ ’ਚ ਆਪਣਾ ਝੰਡਾ ਬੁਲੰਦ ਕੀਤਾ ਉੱਥੇ ਹੀ ‘ਤੈਰਾਕੀ’ ਖੇਡ ’ਚ ਕੌਮੀ ਪੱਧਰ ਤੇ ਗੋਲਡ ਮੈਡਲ ਹਾਸਲ ਕਰਕੇ ਦਿਖਾ ਦਿੱਤਾ ਕਿ ਜੇਕਰ ਇਨਸਾਨ ਚਾਹੇ ਤਾਂ ਇਨਸਾਨ ਸਮੁੰਦਰਾਂ ਦੇ ਰਾਹ ਬਦਲ ਸਕਦਾ ਹੈ। ਜਾਣਕਾਰੀ ਅਨੁਸਾਰ ਅਰਸ਼ਦੀਪ ਨੇ ਮੁਢਲੀ ਸਿੱਖਿਆ ਸੇਂਟ ਜੋਸਫ ਸਕੂਲ ਬਠਿੰਡਾ ਤੋਂ ਹਾਸਲ ਕੀਤੀ ਸੀ। ਚੰਡੀਗੜ ਦੀ ਵਕਾਰੀ ਸੰਸਥਾ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਬੀ.ਟੈੱਕ. ਕੀਤੀ। ਉਸ ਮਗਰੋਂ ਆਈਐਸਬੀ ਹੈਦਰਾਬਾਦ ਤੋਂ ਐਮਬੀਏ ਦੀ ਡਿਗਰੀ ਕਰਨ ਉਪਰੰਤ ਪੰਜਾਬ ’ਚ ਪੀਸੀਐੱਸ. ਪ੍ਰੀਖਿਆ ਪਾਸ ਕਰ ਲਈ। ਆਪਣੀ ਪੜ੍ਹਾਈ ਦੌਰਾਨ ਅਚਾਨਕ ਅਰਸ਼ਦੀਪ ਦੀ ਮਾਤਾ ਰਣਜੀਤ ਕੌਰ ਉਨ੍ਹਾਂ ਦਾ ਹਮੇਸ਼ਾ ਲਈ ਸਾਥ ਛੱਡ ਗਏ ਜਿਸ ਦਾ ਪ੍ਰੀਵਾਰ ਨੂੰ ਸਦਮਾ ਲੱਗਿਆ।
ਇਸ ਦੇ ਬਾਵਜੂਦ ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ‘ਉੱਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ’ ਕਹਾਵਤ ਨੂੰ ਸੱਚ ਕਰ ਦਿਖਾਇਆ। ਪੀਸੀਐਸ ਦੇ ਅਧਾਰ ਤੇ ਉਸ ਨੂੰ ਸਹਿਕਾਰਤਾ ਵਿਭਾਗ ’ਚ ਸਹਾਇਕ ਰਜਿਸਟਰਾਰ ਨਿਯੁਕਤ ਕੀਤਾ ਗਿਆ ਪਰ ਅਰਸ਼ਦੀਪ ਦੀ ਮੰਜਿਲ ਹੋਰ ਸੀ। ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਸ ਨੂੰ ਆਈਏਐਸ ਪ੍ਰੀਖਿਆ ਦਾ ਵੀ ਇੱਕ ਮੌਕਾ ਮਿਲਿਆ ਸੀ। ਉਨਾਂ ਦੱਸਿਆ ਕਿ ਜਿੰਦਗੀ ’ਚ ਹੋਰ ਅੱਗੇ ਵਧਣ ਦੀ ਇੱਛਾ ਨੇ ਅਰਸ਼ਦੀਪ ਨੂੰ ਰਾਜਸਥਾਨ ਪ੍ਰਬੰਧਕੀ ਸੇਵਾਵਾਂ ਵੱਲ ਖਿੱਚ ਲਿਆ ਅਤੇ ਇਹ ਪ੍ਰੀਖਿਆ ਉਸ ਨੇ ਪਹਿਲੇ 50 ਉਮੀਦਵਾਰਾਂ ’ਚ ਰਹਿਕੇ ਪਾਸ ਕਰ ਲਈ। ਵਿਸ਼ੇਸ਼ ਪਹਿਲੂ ਹੈ ਕਿ ਉਸ ਨੂੰ ਸਿਖਲਾਈ ’ਚ ਵੀ ਪਹਿਲਾ ਸਥਾਨ ਹਾਸਲ ਹੋਇਆ ਹੈ। ਸ੍ਰੀ ਬਰਾੜ ਨੇ ਦੱਸਿਆ ਕਿ ਇਸ ਪ੍ਰਾਪਤੀ ਵਿੱਚ ਅਰਸ਼ਦੀਪ ਦੇ ਸਮੁੱਚੇ ਸਹੁਰਾ ਪਰਿਵਾਰ ਦਾ ਮਹੱਤਵਪੂਰਨ ਯੋਗਦਾਨ ਹੈ ਜਿੰਨਾਂ ਉਸ ਨੂੰ ਵਿਆਹ ਤੋਂ ਬਾਅਦ ਵੀ ਪ੍ਹਾਈ ਜਾਰੀ ਰੱਖਣ ਦੀ ਇਜਾਜਤ ਦਿੱਤੀ ਹੈ।
ਬਠਿੰਡਾ ਦਾ ਮਾਣ ਵਧਾਇਆ:ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਹੁਣ ਬਠਿੰਡਾ ਦੀ ਲੜਕੀ ਜੈਪੁਰ ਦੀ ਤਰੱਕੀ ’ਚ ਵੱਡਾ ਰੋਲ ਅਦਾ ਕਰੇਗੀ ਖਾਸ ਤੌਰ ਤੇ ਕਰੋਨਾ ਵਾਇਰਸ ਦੇ ਸੰਕਟ ਨੂੰ ਨਜਿੱਠਣ ’ਚ ਅਹਿਮ ਯੋਗਦਾਨ ਪਾਏਗੀ। ਉਨਾਂ ਕਿਹਾ ਕਿ ‘ਧੀਏ ਤੂੰ ਸਾਡੇ ਸ਼ਹਿਰ ਦਾ ਮਾਣ ਵਧਾਇਆ ਹੈ। ਸਾਡੇ ਕੋਲ ਸ਼ਬਦ ਨਹੀਂ ਜਿੰਨਾਂ ਨਾਲ ਅਸੀਂ ਤੇਰਾ ਧੰਨਵਾਦ ਕਰ ਸਕੀਏ। ਉਨਾਂ ਕਿਹਾ ਕਿ ਅਰਸ਼ਦੀਪ ਸਾਰੀਆਂ ਹੀ ਧੀਆਂ ਲਈ ਰਾਹ ਦਸੇਰਾ ਬਣ ਗਈ ਹੈ ਜਿਸ ਤੋਂ ਪ੍ਰੇਰਣਾ ਲੈਂਦਿਆਂ ਹੋਰਨਾਂ ਨੂੰ ਵੀ ਉਸ ਦੇ ਰਾਹ ਤੁਰਨਾ ਚਾਹੀਦਾ ਹੈ ।ਉਨਾਂ ਆਸ ਪ੍ਰਗਟ ਕੀਤੀ ਕਿ ਰਾਜਸਥਾਨ ਵਰਗੇ ਸਰਹੱਦੀ ਸੂਬੇ ’ਚ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰੇਗੀ।