ਘਨੌਰ,18 ਜੁਲਾਈ – ਨੇੜਲੇ ਪਿੰਡ ਰੁੜਕੀ ਵਿਖੇ ਸਰਪੰਚ ਸੁਰਜੀਤ ਸਿੰਘ ਸਮੇਤ ਉਸਦੇ ਪਰਿਵਾਰ ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਪੁਲੀਸ ਥਾਣੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਰੁੜਕੀ ਦੇ ਬਿਆਨਾਂ ਤੇ ਦਰਜ਼ ਹੋਏ ਮੁਕੱਦਮੇ ਵਿੱਚ ਆਈ.ਪੀ.ਸੀ. ਦੀ ਧਾਰਾ 307,452,323,506,148,149 ਤਹਿਤ 14 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ| ਜਿਸ ਵਿੱਚ ਹਰਮੇਲ ਸਿੰਘ, ਜਗਦੀਪ ਸਿੰਘ, ਬਲਦੇਵ ਸਿੰਘ, ਦਲੇਰ ਸਿੰਘ, ਸਿਕੰਦਰ ਸਿੰਘ, ਮੰਗਾ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਵਰਿੰਦਰ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਬਲਕਾਰ ਸਿੰਘ, ਹਰਿੰਦਰ ਸਿੰਘ ਅਤੇ ਖੁਸ਼ਦੀਪ ਸਿੰਘ ਵਾਸੀਆਨ ਪਿੰਡ ਰੁੜਕੀ ਦੇ ਨਾਮ ਸ਼ਾਮਿਲ ਹਨ|
ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਡੰਗਰਾ ਵਾਲੇ ਵਾੜੇ ਵਿੱਚ ਹਾਜਿਰ ਸੀ ਅਤੇ ਕਥਿਤ ਦੋਸ਼ੀ ਉਸਨੂੰ ਅਤੇ ਉਸਦੇ ਤਾਏ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਗਾਲਾ ਕੱਢ ਰਹੇ ਸਨ| ਰਣਜੀਤ ਸਿੰਘ ਅਨੁਸਾਰ ਜਦੋਂ ਉਸਨੇ ਦੋਸ਼ੀਆਂ ਨੂੰ ਗਾਲਾਂ ਕੱਢਣ ਤੋਂ ਰੋਕਿਆ ਤਾਂ ਉਹਨਾਂ ਨੇ ਉਸਨੂੰ ਜਾਨੋ ਮਾਰਨ ਦੀ ਨੀਯਤ ਨਾਲ ਕੁੱਟਮਾਰ ਕੀਤੀ| ਇਸ ਦੌਰਾਨ ਮੰਗੇ ਸਿੰਘ ਨੇ ਉਸਦੇ ਸਿਰ ਵਿੱਚ ਕੋਈ ਨੁਕੀਲੀ ਚੀਜ ਮਾਰੀ ਅਤੇ ਛੁਡਾਉਣ ਆਏ ਉਸਦੇ ਪਿਤਾ ਰਣਜੀਤ ਸਿੰਘ, ਭਰਾ ਰੁਪਿੰਦਰ ਸਿੰਘ, ਤਾਇਆ ਸੁਰਜੀਤ ਸਿੰਘ ਅਤੇ ਤਾਏ ਦਾ ਲੜਕਾ ਗੁਰਵਿੰਦਰ ਸਿੰਘ ਦੀ ਵੀ ਬੁਰੀ ਤਰ੍ਹਾ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ| ਸਰਪੰਚ ਦਾ ਭਰਾ ਅਤੇ ਸਰਪੰਚ ਦਾ ਲੜਕਾ ਗੁਰਵਿੰਦਰ ਸਿੰਘ ਪੀ.ਜੀ.ਆਈ. ਚੰਡੀਗੜ੍ਹ ਦਾਖਿਲ ਹਨ ਅਤੇ ਬਾਕੀ ਏ.ਪੀ.ਜੈਨ. ਹਸਪਤਾਲ ਰਾਜਪੁਰਾ ਦਾਖਿਲ ਹਨ|
ਖ਼ਬਰ ਲਿਖੇ ਜਾਣ ਤੱਕ ਕਿਸੇ ਪ੍ਰਕਾਰ ਦੀ ਗ੍ਰਿਫਤਾਰੀ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ| ਮਾਮਲੇ ਦੇ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਬਲਜੀਤ ਨੇ ਦੱਸਿਆ ਕੇ ਪੁਲੀਸ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ|