ਲੁਧਿਆਣਾ 10 ਅਗਸਤ, 2023 – ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ | ਇਸ ਵਰਕਸ਼ਾਪ ਵਿੱਚ ਪੀ.ਏ.ਯੂ., ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਦੇ ਖੋਜ ਅਤੇ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ | ਇਸ ਦੋ ਰੋਜ਼ਾ ਗੋਸ਼ਟੀ ਦਾ ਅਰੰਭਕ ਸੈਸ਼ਨ ਇਹਨਾਂ ਮਾਹਿਰਾਂ ਦੀ ਭਾਰੀ ਹਾਜ਼ਰੀ ਨਾਲ ਸਿਰੇ ਚੜ੍ਹਿਆ | ਇਸ ਸੈਸ਼ਨ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ |
ਵਾਈਸ ਚਾਂਸਲਰ ਡਾ. ਗੋਸਲ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪੀ.ਏ.ਯੂ. ਛੇ ਦਹਾਕੇ ਪੁਰਾਣੀ ਸੰਸਥਾ ਹੈ ਅਤੇ ਮੌਜੂਦਾ ਵਰ੍ਹਾ ਇਸ ਸੰਸਥਾ ਦੇ ਡਾਇਮੰਡ ਜੁਬਲੀ ਸਾਲ ਵਜੋਂ ਮਨਾਇਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਦਾ ਯੋਗਦਾਨ ਸਿਰਫ ਹਰੀ ਕ੍ਰਾਂਤੀ ਲਿਆਉਣ ਵਾਲੀ ਤਕਨਾਲੋਜੀ ਦੇ ਵਿਕਾਸ ਅਤੇ ਰੂਪਾਂਤਰਣ ਦੇ ਰੂਪ ਵਿੱਚ ਹੀ ਨਹੀਂ ਦੇਖਿਆ ਜਾ ਸਕਦਾ ਬਲਕਿ ਇਸਨੂੰ ਖੇਤੀ ਦੀਆਂ ਛੇ ਹੋਰ ਸੰਸਥਾਵਾਂ ਦੀ ਜਨਨੀ ਸੰਸਥਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਸਾਡੀਆਂ ਖੋਜ, ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਦੇ ਕਾਰਨ ਹੀ ਰਾਸ਼ਟਰੀ ਰੈਂਕਿੰਗ ਏਜੰਸੀ ਨੇ ਇਸ ਸੰਸਥਾ ਨੂੰ ਦੇਸ਼ ਦੀ ਸਭ ਤੋਂ ਵਧੀਆ ਖੇਤੀ ਸੰਸਥਾ ਵਜੋਂ ਮਾਨਤਾ ਦਿੱਤੀ ਹੈ ਅਤੇ ਇਹ ਮਾਣ ਵਾਲੀ ਗੱਲ ਹੈ |
ਡਾ. ਗੋਸਲ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੋਇਆ ਕਿ ਪੀ.ਏ.ਯੂ. ਮਾਹਿਰਾਂ ਨੇ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਤਕਨਾਲੋਜੀ ਵਿਕਸਿਤ ਕੀਤੀ ਅਤੇ ਪਸਾਰ ਮਾਹਿਰਾਂ ਨੇ ਇਸ ਤਕਨਾਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਇਆ | ਇਸਲਈ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਦਾ ਆਪਸ ਵਿੱਚ ਰਿਸ਼ਤਾ ਬਹੁਤ ਸਾਂਝ ਵਾਲਾ ਅਤੇ ਨੇੜਲਾ ਹੈ | ਉਹਨਾਂ ਅਜੋਕੇ ਫ਼ਸਲ ਸੀਜ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਆਪ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਜਾ ਕੇ ਦੇਖਿਆ ਹੈ ਕਿ ਝੋਨੇ ਦੀ ਫ਼ਸਲ ਇਸ ਵਾਰ ਬੌਣੇਪਣ ਦੇ ਵਾਰਸ ਤੋਂ ਮੁਕਤ ਹੈ ਪਰ ਕਿਸਾਨਾਂ ਨੂੰ ਮਾਹਿਰਾਂ ਨਾਲ ਸੰਪਰਕ ਵਿੱਚ ਰਹਿ ਕੇ ਧਿਆਨ ਦੇਣ ਦੀ ਲੋੜ ਹੈ | ਇਸਦੇ ਨਾਲ ਹੀ ਨਰਮੇ ਦੀ ਫ਼ਸਲ ਦੀ ਦਿੱਖ ਵੀ ਬਿਹਤਰ ਲੱਗਦੀ ਹੈ |
ਆਉਂਦੇ ਦਿਨੀਂ ਇਸਨੂੰ ਗੁਲਾਬੀ ਸੁੰਡੀ ਦੇ ਪ੍ਰਭਾਵ ਤੋਂ ਬਚਾਉਣ ਲਈ ਲਗਾਤਾਰ ਸਰਵੇਖਣ ਕਰਦੇ ਰਹਿਣ ਦੀ ਲੋੜ ਹੈ | ਡਾ. ਗੋਸਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਹੇਠ ਰਕਬਾ ਵਧਾਉਣ ਲਈ ਪਸਾਰ ਮਾਹਿਰਾਂ ਨੂੰ ਯਤਨ ਕਰਨੇ ਚਾਹੀਦੇ ਹਨ | ਇਹ ਤਰੀਕਾ ਹੀ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਕਾਰਗਾਰ ਕੋਸ਼ਿਸ਼ ਬਣ ਸਕਦਾ ਹੈ ਅਤੇ ਪਾਣੀ ਦੀ ਸੰਭਾਲ ਸਾਡੇ ਯੁੱਗ ਦਾ ਸਭ ਤੋਂ ਅਹਿਮ ਮੁੱਦਾ ਹੈ | ਵਾਈਸ ਚਾਂਸਲਰ ਨੇ ਦੱਸਿਆ ਕਿ ਝੋਨੇ ਅਤੇ ਸਾਉਣੀ ਦੀਆਂ ਹੋਰ ਫ਼ਸਲਾਂ ਵਿੱਚ ਪਾਣੀ ਦੀ ਸੰਭਾਲ ਦੀਆਂ ਤਕਨੀਕਾਂ ਬਾਰੇ ਪੀ.ਏ.ਯੂ. ਨੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਿਫ਼ਰਸ਼ਾਂ ਕੀਤੀਆਂ ਹਨ |