ਅੰਮ੍ਰਿਤਸਰ, 16 ਮਈ-ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਕਣਕ ਭੇਟ ਕਰਨ ਵਾਸਤੇ ਸੰਗਤਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੁਣ ਤੱਕ ਸ਼ਰਧਾਲੂਆਂ ਵੱਲੋਂ ਲਗਭਗ 18 ਹਜ਼ਾਰ ਕੁਇੰਟਲ ਕਣਕ ਭੇਟ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮਾਇਆ ਵੀ ਭੇਜ ਰਹੀਆਂ ਹਨ। ਇਸੇ ਤਹਿਤ ਅੱਜ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ 400 ਕੁਇੰਟਲ ਕਣਕ ਦੀ ਸੇਵਾ ਕਰਵਾਈ ਗਈ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਰਾਹੀਂ ਸ. ਹਰਬੰਸ ਸਿੰਘ ਸੰਧੂ ਮੁੱਖ ਸੇਵਾਦਾਰ ਗੁਰਦੁਆਰਾ ਗੁਰ ਗਿਆਨ ਸਾਗਰ ਅਮਰੀਕਾ ਤੇ ਸੰਗਤ ਵੱਲੋਂ ਵੀ 500 ਕੁਇੰਟਲ ਕਣਕ ਭੇਜੀ ਗਈ ਹੈ। ਹਲਕਾ ਡੇਰਾ ਬਾਬਾ ਨਾਨਕ ਤੋਂ ਸ. ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਵੀ ਸੰਗਤਾਂ 9 ਟਰਾਲੀਆਂ ਕਣਕ ਲੈ ਕੇ ਪੁੱਜੀਆਂ। ਲੰਗਰ ਲਈ ਕਣਕ ਭੇਟ ਕਰਨ ਵਾਲੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਸਕੱਤਰ ਸ. ਮਨਜੀਤ ਸਿੰਘ ਬਾਠ, ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਮੈਨੇਜਰ ਸ. ਮੁਖਤਾਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਭਾਈ ਮਹਿਤਾ ਨੇ ਕਣਕ ਭੇਟ ਕਰਨ ਵਾਲੀਆਂ ਸੰਗਤਾਂ ਅਤੇ ਮਹਾਂਪੁਰਖਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਮੀਤ ਸਕੱਤਰ ਸ. ਸਕੱਤਰ ਸਿੰਘ, ਵਧੀਕ ਮੈਨੇਜਰ ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਸ. ਇੰਦਰਜੀਤ ਸਿੰਘ ਆਈ.ਟੀ. ਕਾਲਜ ਵਾਲੇ, ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਗੁਰਬਚਨ ਸਿੰਘ ਕਲਸੀਆਂ ਤੇ ਭਾਈ ਹੀਰਾ ਸਿੰਘ ਮਨਿਹਾਲਾ ਆਦਿ ਮੌਜੂਦ ਸਨ।
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਪੁੱਜੀ ਕਣਕ ਸਬੰਧੀ ਵੇਰਵੇ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਤੱਕ ਸੰਗਤਾਂ ਵੱਲੋਂ 17823 ਕੁਇੰਟਲ 87 ਕਿਲੋ ਕਣਕ ਭੇਜੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਚੋਲ, ਦਾਲਾਂ ਅਤੇ ਘਿਉ ਵੀ ਸੰਗਤਾਂ ਵੱਲੋਂ ਭੇਜਿਆ ਜਾ ਰਿਹਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਾਲ 31087 ਕੁਇੰਟਲ 34 ਕਿਲੋ ਆਟੇ ਦੀ ਖਪਤ ਹੋਈ ਸੀ। ਪਿਛਲੇ ਸਾਲ ਸੰਗਤ ਵੱਲੋਂ 13 ਹਜ਼ਾਰ ਕੁਇੰਟਲ ਦੇ ਕਰੀਬ ਕਣਕ ਪੁੱਜੀ ਸੀ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਲੰਗਰ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੇ ਹਨ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਗੁਰਦੁਆਰਾ ਸਾਹਿਬਾਨ ਤੋਂ ਲੋੜਵੰਦਾਂ ਲਈ ਕੀਤੀ ਲੰਗਰ ਸੇਵਾ ਕਰਕੇ ਸੰਗਤ ਅੰਦਰ ਲੰਗਰਾਂ ਲਈ ਭੇਟਾਵਾਂ ਭੇਜਣ ਸਬੰਧੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸ਼ਰਧਾਲੂ ਵੱਲੋਂ ਇੱਕ ਲੱਖ ਰੁਪਏ ਭੇਟ
ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਲਈ ਭੇਟਾਵਾਂ ਭੇਜਣ ਵਾਲਿਆਂ ਦੀ ਨਿਰੰਤਰਤਾ ਬਣੀ ਹੋਈ ਹੈ। ਸੰਗਤਾਂ ਆਪਣੀ ਸਮਰੱਥਾ ਅਨੁਸਾਰ ਮਾਇਆ ਭੇਟ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਇਸੇ ਤਹਿਤ ਹੀ ਸਥਾਨਕ ਪੁਤਲੀ ਘਰ ਇਲਾਕੇ ਦੇ ਮਹੱਲਾ ਰਣਜੀਤ ਪੁਰਾ ਦੇ ਵਸਨੀਕ ਸ. ਜੋਗਿੰਦਰ ਸਿੰਘ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਇੱਕ ਲੱਖ ਰੁਪਏ ਭੇਟ ਕੀਤੇ ਗਏ। ਸ. ਜੋਗਿੰਦਰ ਸਿੰਘ ਨੇ ਆਪਣੀ ਭਾਵਨਾ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਦਰ ਤੋਂ ਲੱਖਾਂ ਲੋੜਵੰਦਾਂ ਤੱਕ ਲੰਗਰ ਸੇਵਾ ਪਹੁੰਚਾਈ ਗਈ ਹੈ। ਇਸ ਸੇਵਾ ਦਾ ਹਿੱਸਾ ਬਣਨਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਸਕੱਤਰ ਸਿੰਘ ਤੇ ਮੈਨੇਜਰ ਸ. ਮੁਖਤਾਰ ਸਿੰਘ ਨੇ ਸਾਂਝੇ ਤੌਰ ’ਤੇ ਸ. ਜੋਗਿੰਦਰ ਸਿੰਘ ਨੂੰ ਗੁਰੂ ਬਖ਼ਸ਼ਿਸ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਗੁਰਬਚਨ ਸਿੰਘ ਲੇਹਲ ਨੇ ਵੀ ਗੁਰੂ ਕੇ ਲੰਗਰ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ।