ਬਠਿੰਡਾ, 06 ਜੁਲਾਈ 2020: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰੰਸਜ਼ ਬਠਿੰਡਾ ਦੇ ਨਵਨਿਯੁਕਤ ਡਾਇਰੈਕਟਰ ਡਾ.ਦਿਨੇਸ਼ ਕੁਮਾਰ ਸਿੰਘ ਨੇ ਆਖਿਆ ਹੈ ਕਿ ਏਮਜ਼ ’ਚ ਜਲਦੀ ਹੀ ਕਰੋਨਾ ਵਾਇਰਸ ਦੀ ਪਛਾਣ ਲਈ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ ਜਦੋਂਕਿ ਇਸ ਤੋਂ ਪਹਿਲਾਂ ਦੂਰ ਜਾਣਾ ਪੈਂਦਾ ਸੀ। ਉਨਾਂ ਆਖਿਆ ਕਿ ਇਸ ਕੰਮ ਲਈ ਅਗਲੇ ਦਸ ਦਿਨਾਂ ਦੌਰਾਨ ਆਰਟੀਪੀਸੀ ਮਸ਼ੀਨ ਆ ਰਹੀ ਹੈ। ਉਨਾਂ ਦੱਸਿਆ ਕਿ ਬੇਸ਼ੱਕ ਇਹ ਮਸ਼ੀਨਾਂ ਜਿਆਦਾ ਸੰਕਟ ਵਾਲੇ ਇਲਾਕਿਆਂ ’ਚ ਭੇਜੀਆਂ ਜਾਂਦੀਆਂ ਹਨ ਪਰ ਉਨਾਂ ਦੀ ਕੇਂਦਰੀ ਸਿਹਤ ਸਕੱਤਰ ਨਾਲ ਇਸ ਸਬੰਧ ’ਚ ਗੱਲ ਹੋ ਗਈ ਹੈ। ਡਾਇਰੈਕਟਰ ਡੀਕੇ ਸਿੰਘ ਨੇ ਅੱਜ ਏਮਜ ਕੰਪਲੈਕਸ ਵਿਖੇ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਹੈ। ਉਨਾਂ ਆਖਿਆ ਕਿ ਭਾਵੇਂ ਇਸ ਇਲਾਕੇ ’ਚ ਕਰੋਨਾ ਦਾ ਵੱਡਾ ਪ੍ਰਭਾਵ ਨਹੀਂ ਹੈ ਪਰ ਜਿਸ ਹਿਸਾਬ ਨਾਲ ਕਰੋਨਾ ਦੀ ਮਾਰ ਹੇਠ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਉਸ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।ਉਨਾਂ ਆਖਿਆ ਕਿ ਸਾਨੂੰ ਹੁਣ ਕੋੁਵਿਡ ਦੇ ਪ੍ਰਭਾਵ ਦਰਮਿਆਨ ਹੀ ਜਿੰਦਗੀ ਜਿਉਣ ਦਾ ਢੰਗ ਸਿੱਖਣਾ ਹੋਵੇਗਾ ਜਿਸ ’ਚ ਸਮਾਜਿਕ ਦੂਰੀ ਅਹਿਮ ਹੈ।
ਉਨਾਂ ਦੱਸਿਆ ਕਿਆਉਂਦੇ ਦਿਨਾਂ ਦੌਰਾਨ ਇੱਥੈ 10 ਤੋਂ 12 ਬਿਸਤਰਿਆਂ ਦਾ ਕੋਵਿਡ ਕੇਅਰ ਸੈਂਟਰ ਬਣਾਇਆ ਜਾ ਰਿਹਾ ਹੈ ਤਾਂ ਜੋ ਮਰੀਜ ਨੂੰ ਬਾਹਰ ਭੇਜਣ ਤੋਂ ਪਹਿਲਾਂ ਉਸ ਦੀ ਮੁਢਲੀ ਦੇਖਭਾਲ ਚੰਗੇ ਤਰੀਕੇ ਨਾਲ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਮਰੀਜ ਨੂੰ ਬਾਹਰ ਭੇਜਣ ਲਈ ਜਲਦੀ ਹੀ ਢੁੱਕਵੀਂ ਗਿਣਤੀ ’ਚ ਟਰਾਂਸਪੋਰਟ ਵੈਂਟੀਲੇਟਰ ਲਿਆਂਦੇ ਜਾ ਰਹੇ ਹਨ ਜਿਸ ਨਾਲ ਮਰੀਜਾਂ ਨੂੰ ਅਸਾਨੀ ਤੇ ਹਿਫਾਜ਼ਤ ਨਾਲ ਦੂਸਰੀ ਥਾਂ ਤੇ ਸ਼ਿਫਟ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਸਾਡੀ ਪ੍ਰਮੁੱਖਤਾ ਫਰੀਦਕੋਟ ’ਚ ਸਿੱਖਿਆ ਹਾਸਲ ਕਰ ਰਹੇ 50 ਅਤੇ ਨਵੇਂ ਬੈਚ ਤਹਿਤ ਆਉਣ ਵਾਲੇ ਐਮਬੀਬੀਐਸ ਦੇ 100ਵਿਦਿਆਰਥੀਆਂ ਨੂੰ ਬਠਿੰਡਾ ਕੈਂਪਸ ’ਚ ਲਿਆਉਣਾ ਹੈ ਜਿਸ ਲਈ ਢੁੱਕਵੇਂ ਪ੍ਰਬੰਧ ਯਕੀਨੀ ਬਨਾਉਣ ਦੇ ਯਤਨ ਜਾਰੀ ਹਨ। ਉਨਾਂ ਦੱਸਿਆ ਕਿ ਇਸ ਕੰੰਮ ਲਈ ਵਿਦਿਆਰਥੀਆਂ ਵਾਸਤੇ ਹੋਸਟਲ,ਖੇਡਾਂ,ਮੈਸ ,ਕੰਟੀਨ,ਰੀਡਿੰਗ ਰੂਮ ਤੇ ਹੋਰ ਲੁੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਅਗਲੇ ਕੁੱਝ ਦਿਨਾਂ ’ਚ ਆਯੂਸ਼ ਬਲਾਕ ’ਚ 30 ਬਿਸਤਰਿਆਂ ਦਾ ਹਸਪਤਾਲ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਨਰਸਾਂ ਦੀ ਚੋਣ ਕਰ ਲਈ ਗਈ ਹੈ ਅਤੇ ਉਨਾਂ ਨੂੰ ਨਿਯੁਕਤੀ ਪੱਤਰ ਭੇਜੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਏਮਜ ਦੀ ਇਮਾਰਤ ਦੇ ਮੁਕੰਮਲ ਹੁੰਦਿਆਾਂ ਹੀ ਹਸਪਤਾਲ ਨੂੰ ਤੁਰੰਤ ਚਾਲੂ ਕਰ ਦਿੱਤਾ ਜਾਏਗਾ। ਸੀਟੀ ਸਕੈਨ ਅਤੇ ਐਮਆਰਆਈ ਮਸ਼ੀਨ ਆ ਗਈ ਹੈ ਅਤੇ ਤਕਨੀਕੀ ਸਟਾਫ ਵੀ ਆ ਰਿਹਾ ਹੈ।ਉਨਾਂ ਦੱਸਿਆ ਕਿ ਏਮਜ਼ ਦਾ ਇੱਕ ਰੁਤਬਾ ਹੈ ਜਿਸ ਨੂੰ ਹਰ ਹਾਲਤ ’ਚ ਬਣਾ ਕੇ ਰੱਖਿਆ ਜਾਏਗਾ। ਉਨਾਂ ਦੱਸਿਆ ਕਿ ਹਸਪਤਾਲ ਚਾਲੂ ਹੁੰਦਿਆਂ ਹੀ ਆਯੂਸ਼ਮਾਨ ਯੋਜਨਾ ਅਤੇ ਜਨਨੀ ਸੁਰਖਸ਼ਾ ਯੋਜਨਾ ਸਮੇਤ ਬਹੁਤ ਸਾਰੀਆਂ ਕੇਂਦਰੀ ਯੋਜਨਾਵਾਂ ਨੂੰ ਲਾਗੂ ਕੀਤਾ ਜਾਏਗਾ। ਉਨਾਂ ਦੱਸਿਆ ਕਿ ਇੰਨਾਂ ਸਕੀਮਾਂ ’ਚ ਕਈ ਤਾਂ ਮਰੀਜਾਂ ਲਈ ਅਤੀ ਲਾਹੇਵੰਦ ਹਨ ਅਤੇ ਇਲਾਜ ਲਈ ਕੇਂਦਰ ਸਰਕਾਰ ਪੈਸੇ ਵੀ ਅਦਾ ਕਰਦੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਡਾ ਡੀਕੇ ਸਿੰਘ ਨੇ ਆਖਿਆ ਕਿ ਏਮਜ਼ ਕੈਂਪਸ ’ਚ ਜੋ ਵੀ ਮਰੀਜ਼ ਕੋਵਿਡ ਪਾਜ਼ਿਟਵ ਆਏ ਹਨ ਉਨਾਂ ਦਾ ਪੂਰਾ ਇਲਾਜ ਕਰਵਾਇਆ ਜਾਏਗਾ। ਉਨਾਂ ਇਸ ਮੌਕੇ ਏਮਜ਼ ਲਿਆਉਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋ ਕੀਤੇ ਯਤਨਾਂ ਦਾ ਜਿਕਰ ਵੀ ਕੀਤਾ ਅਤੇ ਏਮਜ਼ ਨੂੰ ਇਸ ਇਲਾਕੇ ਦੀਆਂ ਜਰੂਰਤਾਂ ਅਨੁਸਾਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਵੱਚਨਬੱਧਤਾ ਵੀ ਦੁਰਹਾਈ। ਇਸ ਮੌਕੇ ਡਿਪਟੀ ਮੈਡੀਕਲ ਸੁਪਰਡੈਂਟ ਡਾ ਸਤੀਸ਼ ਗੁਪਤਾ ਵੀ ਹਾਜਰ ਸਨ।
–