ਫਾਜ਼ਿਲਕਾ 12 ਜੁਲਾਈ-ਬਰਸਾਤੀ ਮੌਸਮ ਅਤੇ ਸੰਭਾਵਿਤ ਹੜ੍ਹਾਂ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ।
ਇਸ ਮੌਕੇ ਉਨ੍ਹਾਂ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਅਧੀਨ ਆਉਂਦੀਆਂ ਸਾਰੀਆਂ ਡਰੇਨਜ ਦੀ 15 ਜੁਲਾਈ ਤੱਕ ਸਾਫ-ਸਫਾਈ ਆਦਿ ਹੋਰ ਲੋੜੀਂਦੇ ਕੰਮ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਸਬੰਧਤ ਖੇਤਰਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ ਤਾਂ ਜੋ ਪਹਿਲਾਂ ਤੋਂ ਹੀ ਅਗਾਉਂ ਪ੍ਰਬੰਧ ਮੁਕੰਮਲ ਕਰ ਲਏ ਜਾਣ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵੀ ਖੇਤਰ ਕਾਂਵਾ ਵਾਲੀ ਪੁਲ, ਮਹਾਤਮ ਨਗਰ, ਝੰਗੜ੍ਹ ਭੈਣੀ, ਰਾਮ ਸਿੰਘ ਭੈਣੀ, ਢਾਣੀ ਸੱਦਾ ਸਿੰਘ, ਵੱਲੇ ਸ਼ਾਹ ਹਿਠਾੜ, ਰੇਤੇ ਵਾਲੀ ਭੈਣੀ, ਢਾਣੀ ਨੱਥਾ ਸਿੰਘ, ਢੰਡੀ ਕਦੀਮ ਆਦਿ ਪਿੰਡਾਂ ਦਾ ਦੌਰਾ ਕਰਕੇ ਮੌਕੇ ਦਾ ਜਾਇਜਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਪਣੀਆਂ ਤਿਆਰੀਆਂ ਮੁਕੰਮਲ ਰੱਖਣ ਤਾਂ ਜੋ ਸੰਭਾਵੀ ਹੜ੍ਹਾਂ ਦੀ ਸਥਿਤੀ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਬੰਧਾਂ ਨੂੰ ਪੁਖਤਾ ਕਰਨ ਵਿੱਚ ਪਿੰਡ ਵਾਸੀਆਂ ਦਾ ਵੀ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਪਿੰਡ ਦਰਿਆ ਨਾਲ ਲੱਗਦੇ ਹਨ ਅਤੇ ਜੋ ਹੜ੍ਹ ਆਉਣ ਕਾਰਨ ਜਿਆਦਾ ਪ੍ਰਭਾਵਿਤ ਹੁੰਦੇ ਹਨ ਉਨ੍ਹਾਂ ‘ਤੇ ਤਵਜੋਂ ਜਿਆਦਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਨੁਕਸਾਨ ਨਾ ਹੋ ਸਕੇ।
ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਢਾਣੀ ਨੱਥਾ ਸਿੰਘ ਵਿਖੇ ਪੁਲ ਨਾ ਹੋਣ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਉਂਦਿਆਂ ਇਸ ਦਾ ਹੱਲ ਕਰਨ ਬਾਰੇ ਆਖਿਆ ਗਿਆ। ਡਿਪਟੀ ਕਮਿਸ਼ਨਰ ਨੇ ਮੌਕਾ ਵੇਖਦਿਆਂ ਪਿੰਡ ਵਾਸੀਆਂ ਨੂੰ ਆਸ਼ਵਾਸਨ ਦਵਾਇਆ ਕਿ ਜਲਦ ਹੀ ਇਸ ਦਾ ਪੁਖਤਾ ਹਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਉਨ੍ਹਾ ਹੋਰਨਾਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਹਲ ਕਰਨ ਦੇ ਮੌਕੇ ‘ਤੇ ਲੋੜੀਂਦੇ ਆਦੇਸ਼ ਦਿੱਤੇ। ਉਨ੍ਹਾਂ ਬੀ.ਐਸ.ਐਫ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੜ੍ਹਾਂ ਲਈ ਕੀਤੇ ਪ੍ਰਬੰਧ ਕਾਰਜਾਂ ਦਾ ਜਾਇਜਾ ਲਿਆ।
ਇਸ ਮੌਕੇ ਐਸ.ਡੀ.ਐਮ. ਫਾਜ਼ਿਲਕਾ ਕੇਸ਼ਵ ਗੋਇਲ, ਤਹਿਸੀਲਦਾਰ ਫਾਜ਼ਿਲਕਾ ਡੀ.ਪੀ. ਪਾਂਡੇ, ਨਾਇਬ ਤਹਿਸੀਲਦਾਰ ਵਿਜੈ ਬਹਿਲ ਤੇ ਬਲਦੇਵ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੁਖਪਾਲ ਸਿੰਘ ਅਤੇ ਡਰੇਨਜ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।