ਬਰਨਾਲਾ, 12 ਜੁਲਾਈ 2020 – ਲੋਕਾਂ ਨੂੰ ਨਿਆਂ ਦੇਣ ਲਈ ਆਪਣੀ ਪਿੱਠ ਖੁਦ ਹੀ ਥਪਥਪਾ ਰਹੀ ਬਰਨਾਲਾ ਪੁਲਿਸ ਦੀ ਕਾਰਜ਼ਸ਼ੈਲੀ ਦਾ ਕਮਾਲ ਦੇਖੋ, ਕਤਲ ਦੀ ਘਟਨਾ ਤੋਂ 25 ਮਹੀਨੇ 17 ਦਿਨ ਬਾਅਦ ਵੀ ਕਾਤਿਲ ਸ਼ਰੇਆਮ ਸੜ੍ਹਕਾਂ ਤੇ ਦਨਦਨਾਉਂਦੇ ਫਿਰਦੇ ਹਨ। ਵਿਚਾਰੀ ਬੁੱਢੀ ਮਾਂ ਆਪਣੇ ਪੁੱਤ ਦੇ ਕਾਤਿਲਾਂ ਨੂੰ ਗਿਰਫਤਾਰ ਕਰਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਹੁਣ ਵਿਧਵਾ ਗੁਰਦੇਵ ਕੌਰ ਨੇ ਇਨਸਾਫ ਲੈਣ ਅਤੇ ਆਪਣੇ ਪੁੱਤ ਦੇ ਕਾਤਿਲਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਲਈ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਗੁਰਦੇਵ ਕੌਰ ਨੇ ਕਿਹਾ ਕਿ ਜੇ ਪੁਲਿਸ ਨੇ 2 ਦਿਨ ਚ, ਕਾਤਿਲਾਂ ਨੂੰ ਗਿਰਫਤਾਰ ਨਹੀਂ ਕੀਤਾ, ਤਾਂ ਉਹ ਥਾਣਾ ਸਿਟੀ 1 ਦੇ ਬਾਹਰ ਪੱਕਾ ਧਰਨਾ ਲਾਉਣ ਨੂੰ ਮਜਬੂਰ ਹੋਵੇਗੀ। ਉਸ ਨੇ ਕਿਹਾ ਕਿ ਜਿੰਨਾਂ ਚਿਰ ਪੁਲਿਸ ਦੋਸ਼ੀਆਂ ਨੂੰ ਨਹੀਂ ਫੜ੍ਹਦੀ, ਉਨਾਂ ਚਿਰ ਤੱਕ ਉਹ ਭੁੱਖਣ-ਭਾਣੇ ਦਿਨ ਰਾਤ ਥਾਣੇ ਅੱਗੇ ਹੀ ਬਹਿ ਕੇ ਕੀਰਨੇ ਪਾਉਂਦੀ ਰਹੇਗੀ। ਬੁੱਢੀ ਮਾਂ ਨੂੰ ਇਨਸਾਫ ਦੁਆਉਣ ਲਈ ਹੁਣ ਵਪਾਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ ਤੇ ਹੋਰ ਵੱਖ ਵੱਖ ਸੰਸਥਾਵਾਂ ਦੇ ਆਗੂ ਵੀ ਅੱਗੇ ਆ ਗਏ ਹਨ।