ਨਵੀਂ ਦਿੱਲੀ, 11 ਜੁਲਾਈ – ਭਾਰਤ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ| ਕੋਰੋਨਾ ਮਹਾਮਾਰੀ ਨੂੰ ਵੇਖਦਿਆਂ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ| ਦਿੱਲੀ ਸਰਕਾਰ ਨੇ ਤੈਅ ਕੀਤਾ ਹੈ ਕਿ ਦਿੱਲੀ ਰਾਜ ਯੂਨੀਵਰਸਿਟੀਆਂ ਵਿਚ ਫਿਲਹਾਲ ਕੋਈ ਵੀ ਇਮਤਿਹਾਨ ਨਹੀਂ ਹੋਵੇਗਾ| ਇਸ ‘ਚ ਫਾਈਨਲ ਈਅਰ (ਅੰਤਿਮ ਸਾਲ) ਦੇ ਇਮਤਿਹਾਨ ਵੀ ਸ਼ਾਮਲ ਹਨ| ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਬਾਬਤ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਅੰਤਿਮ ਸਾਲ ਦੇ ਇਮਤਿਹਾਨ ਸਮੇਤ ਦਿੱਲੀ ਰਾਜ ਯੂਨੀਵਰਸਿਟੀਆਂ ਦੇ ਇਮਤਿਹਾਨ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ| ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਲੋਂ ਤੈਅ ਕੀਤੇ ਗਏ ਮੁਲਾਂਕਣ ਮਾਪਦੰਡਾਂ ਦੇ ਆਧਾਰ ਤੇ ਡਿਗਰੀ ਪ੍ਰਦਾਨ ਕੀਤੀ ਜਾਵੇਗੀ| ਸਰਕਾਰ ਦਾ ਇਹ ਫੈਸਲਾ ਕੋਰੋਨਾ ਕਾਲ ਦੀ ਆਫਤ ਨੂੰ ਵੇਖਦਿਆਂ ਲਿਆ ਗਿਆ ਹੈ|
ਦਿੱਲੀ ਸਰਕਾਰ ਦੀ ਆਈ. ਪੀ. ਯੂਨੀਵਰਸਿਟੀ, ਅੰਬੇਡਕਰ ਯੂਨੀਵਰਸਿਟੀ, ਡੀ. ਟੀ. ਯੂ. ਅਤੇ ਹੋਰ ਸੰਸਥਾਵਾਂ ਵਿੱਚ ਇਮਤਿਹਾਨ ਨਹੀਂ ਹੋਣਗੇ| ਪਰ ਡੀ. ਯੂ. ਨਾਲ ਜੁੜੇ ਦਿੱਲੀ ਸਰਕਾਰ ਦੇ ਕਾਲਜਾਂ ਬਾਰੇ ਕੇਂਦਰ ਨੂੰ ਫੈਸਲਾ ਕਰਨਾ ਹੋਵੇਗਾ| ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਜਿਸ ਸਮੈਸਟਰ ਨੂੰ ਪੜ੍ਹਾਇਆ ਨਹੀਂ ਗਿਆ, ਉਸ ਦਾ ਇਮਤਿਹਾਨ ਕਰਾਉਣਾ ਮੁਸ਼ਕਲ ਹੈ| ਜਿਕਰਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਇਕ ਲੱਖ ਤੋਂ ਵਧੇਰੇ ਮਾਮਲੇ ਹੋ ਚੁੱਕੇ ਹਨ| ਦਿੱਲੀ ਵਿੱਚ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਨੂੰ ਵੇਖਦਿਆਂ ਇਮਤਿਹਾਨ ਰੱਦ ਕੀਤੇ ਗਏ ਹਨ| ਜੇਕਰ ਗੱਲ ਪੂਰੇ ਭਾਰਤ ਦੀ ਕੀਤੀ ਜਾਵੇ ਤਾਂ ਕੋਰੋਨਾ ਦੇ ਮਾਮਲੇ 8 ਲੱਖ ਤੋਂ ਪਾਰ ਹੋ ਚੁੱਕੇ ਹਨ|