ਔਕਲੈਂਡ 11 ਜੁਲਾਈ, 2020 : ਸੱਤਾਧਾਰ ਲੇਬਰ ਪਾਰਟੀ ਆ ਰਹੀਆਂ ਆਮ ਚੋਣਾਂ (19 ਸਤੰਬਰ) ਦੇ ਲਈ ਕਾਫੀ ਸਰਗਰਮ ਵਿਖਾਈ ਦੇ ਰਹੀ ਹੈ। ਨਿਊਜ਼ੀਲੈਂਡ ਦੀ ਹਰ ਸਰਕਾਰ ਹਮੇਸ਼ਾਂ ਦੇਸ਼ ਦੇ ਵਿਚ ਬਹੁਸਭਿਅਕ ਭਾਈਚਾਰੇ ਨੂੰ ਉਤਸ਼ਾਹਿਤ ਕਰਦੀ ਹੈ, ਭਾਵੇਂ ਕੁਝ ਨੇਤਾ ਬਣਦੀ ਖੀਰ ਦੇ ਵਿਚ ਲੂਣਕਾ ਸੁਆਦ ਸੁੱਟ ਜਾਂਦੇ ਹਨ ਪਰ ਹੁਣ ਇਸਦੀ ਜਿਆਦਾ ਪ੍ਰਵਾਹ ਨਹੀਂ ਕੀਤੀ ਜਾਂਦੀ। ਹਲਕਾ ਟਾਕਾਨੀਨੀ ਜੋ ਕਿ ਨਵੀਂ ਹਲਕਾਬੰਦੀ ਦੇ ਬਾਅਦ ਪਹਿਲੀ ਵਾਰ ਹੋਂਦ ਵਿਚ ਆਇਆ ਹੈ, ਵਿਖੇ ਲੇਬਰ ਪਾਰਟੀ ਆਪਣਾ ਪੂਰਾ ਜ਼ੋਰ ਲਾ ਰਹੀ ਹੈ ਤਾਂ ਕਿ ਪਹਿਲੀ ਸ਼ੁਰੂਆਤ ਹੀ ਜਿੱਤ ਨਾਲ ਕੀਤੀ ਜਾ ਸਕੇ। ਇਸ ਹਲਕੇ ਤੋਂ ਜੋ ਉਮੀਦਵਾਰ ਨੇ ਉਹ ਸਾਮੋਅਨ ਮੂਲ ਦੇ ਡਾ. ਨੇਰੂ ਲੀਵਾਸਾ ਹਨ। ਉਨ੍ਹਾਂ ਦਾ ਰਿਹਾਇਸ਼ੀ ਇਲਾਕਾ ਮੈਂਗਰੀ ਹੈ। ਸਾਮੋਅਨ ਸਭਿਆਚਾਰ ਦੀ ਖੁਸ਼ਬੋ ਕਾਇਮ ਰੱਖਦਿਆਂ ਅੱਜ ਸਾਮੋਅਨ ਭਾਈਚਾਰੇ ਨੇ ਆਪਣਾ ਇਹ ਮੁੰਡਾ ਵਾਇਆ ਸਿੱਖ ਭਾਈਚਾਰੇ ਨਵੇਂ ਹਲਕੇ ਲਈ ਸੌਂਪ ਦਿੱਤਾ।
ਇਸ ਸਬੰਧੀ ਖੜਗ ਸਿੰਘ ਜੋ ਕਿ ਲੇਬਰ ਪਾਰਟੀ ਦੀ ਇਲੈਕਸ਼ਨ ਕਮੇਟੀ ਟਾਕਨੀਨੀ ਦੇ ਪ੍ਰਚਾਰ ਮੈਨੇਜਰ ਵੀ ਹਨ ਦੇ ਘਰ ਸਮਾਗਮ ਕੀਤਾ ਗਿਆ ਜੋ ਕਿ ਨਿੱਕੇ ਵਿਆਹ ਬਦਲਿਆ ਨਜ਼ਰ ਆਇਆ। ਇਹ ਸਮਾਗਮ ਆਪਣੇ ਆਪ ਵਿਚ ਅਲੱਗ ਤਰ੍ਹਾਂ ਦਾ ਸਮਾਗਮ ਹੋ ਨਿਬੜਿਆ ਅਤੇ ਪਹਿਲੀ ਵਾਰ ਅਜਿਹਾ ਸਮਾਮੋਅਨ ਭਾਈਚਾਰੇ ਨੇ ਕੀਤਾ।
ਸਵੇਰੇ ਹੋਏ ਇਸ ਸਮਾਗਮ ਦੀ ਸ਼ੁਰੂਆਤ ਜਿੱਥੇ ਸਾਮੋਅਨ ਰੀਤੀ ਰਿਵਾਜਾਂ ਨਾਲ ਹੋਈ। ਪੰਜਾਬੀ ਮਿਲਣੀ ਦੀ ਤਰ੍ਹਾਂ ਐਲ. ਈ. ਸੀ ਦੀ ਚੇਅਰਪਰਸਨ ਸਐਨੀ ਸਿੰਘ ਦੇ ਗਲ ਵਿਚ ਵਿਸ਼ੇਸ਼ ਫੁੱਲਾਂ ਦੇ ਹਾਰ ਪਾਏ ਗਏ ਅਤੇ ਕਿਹਾ ਗਿਆ ਕਿ ਇਹ ਮੁੰਡਾ (ਉਮੀਦਵਾਰ) ਹੁਣ ਤੁਹਾਡੇ ਹਲਕੇ ਟਾਕਾਨੀਨੀ ਲਈ ਭੇਟ ਕਰ ਦਿੱਤਾ ਗਿਆ। ਖੜਗ ਸਿੰਘ ਦੇ ਗਲ ਵਿਚ ਵੀ ਹਾਰ ਪਾ ਕੇ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਆਹ ਚੱਕੋ ਮੁੰਡਾ ਹੁਣ ਤੁਹਾਡੇ ਹਵਾਲੇ। ਸ਼ੁੱਭ ਆਰੰਭਤਾ ਵੇਲੇ ਖੜਗ ਸਿੰਘ ਨੇ ਮੂਲ ਮੰਤਰ ਦਾ ਪਾਠ ਕੀਤਾ ਅਤੇ ਸਾਰਿਆਂ ਦਾ ਸਵਾਗਤ ਕੀਤਾ। ਬੁਲਾਰਿਆਂ ਦੇ ਵਿਚ ਸਾਮੋਅਨ ਬ੍ਰਾਂਚ ਦੇ ਚੇਅਰ ਪਾਪਾਲੀ ਲਾਫੂ ਪੀਓ, ਕੌਂਸਲਰ ਅਲਫ ਫਿਲੀਪਾਈਨਾ, ਮੈਂਗਰੀ ਬ੍ਰਿਜ ਚੇਅਰ ਕੈਰੋਲ ਈਲੀਓਟ, ਟੌਂਗਾ ਬ੍ਰਾਂਚ ਡਿਆਨਾ ਫੂਕਾ, ਨਿਊਈਨ ਬ੍ਰਾਂਚ ਤੋਂ ਟੋਗੀਆਟੋਲੂ ਵਾਲਟਰ, ਮੈਂਗਰੀ ਉਟਾਹੂਹੂ ਲੋਕਲਬ ਬੋਰਡ ਲਿਡੀਆ ਲੇਮਾਂਗਾ ਸੋਸੀਨੇ, ਪੈਸਫਿਕ ਮੰਤਰੀ ਆਉਪੀਟੋ ਸੂਆਵਿਲੀਅਮ ਸ਼ਾਮਿਲ ਰਹੇ। ਹਲਕਾ ਟਾਕਾਨੀਨੀ ਦੀ ਚੇਅਰਪਰਸਨ ਐਨੀ ਸਿੰਘ ਨੇ ਸਾਮੋਅਨ, ਪੰਜਾਬੀ ਅਤੇ ਇੰਗਲਿਸ਼ ਦੇ ਵਿਚ ਹਾਜ਼ਿਰ ਸਾਰੇ ਮਹਿਮਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕ ‘ਸਟਿੱਕ’ ਸੈਰੇਮਨੀ ਵੀ ਕੀਤੀ ਗਈ। ਡਾ. ਨੇਰੂ ਲੀਵਾਸਾ ਦੀ ਧਰਮਪਤਨੀ ਓਲੀਵੀਆ ਲੀਵਾਸਾ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਸਮਾਗਮ ਦੇ ਵਿਚ ਅੰਤ ਵਿਚ ਸਾਰੇ ਮਹਿਮਾਨਾਂ ਨੇ ਡਾ. ਨੇਰੂ ਨਾਲ ਹੱਥ ਮਿਲਾਏ ਅਤੇ ਇਕ ਤਰ੍ਹਾਂ ਨਾਲ ਵਿਦਾਇਗੀ ਦਿੱਤੀ ਗਈ। ਸੌਖੇ ਸ਼ਬਦਾਂ ਦੇ ਵਿਚ ਕਿਹਾ ਜਾਵੇ ਤਾਂ ਜਿਵੇਂ ਪੰਜਾਬੀ ਵਿਆਹਾਂ ਦੇ ਵਿਚ ਕੁੜੀ ਆਪਣੇ ਘਰੋਂ ਦੂਸਰੇ ਘਰ ਤਬਦੀਲ ਹੋ ਜਾਂਦੀ ਹੈ ਉਸੇ ਤਰ੍ਹਾਂ ਅੱਜ ਟਾਕਾਨੀਨੀ ਦੇ ਉਮੀਦਵਾਰ ਡਾ. ਨੇਰੂ ਲੀਵਾਸਾ ਆਪਣੇ ਹਲਕੇ ਤੋਂ ਨਵੇਂ ਹਲਕੇ ਦੇ ਵਿਚ ਤਬਦੀਲ ਹੋ ਗਏ। ਸਮਾਗਗ ਦੇ ਅੰਤ ਵਿਚ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।