ਔਕਲੈਂਡ, 12 ਜੁਲਾਈ, 2020 : ਕ੍ਰਾਈਸਟਚਰਚ ਵਿਖੇ 15 ਮਾਰਚ 2019 ਨੂੰ ਇਕ ਆਸਟਰੇਲੀਅਨ ਮੂਲ ਦੇ ਅੱਤਵਾਦੀ ਬ੍ਰੈਂਟਨ ਟਾਰੈਂਟ(28) ਵੱਲੋਂ ਦੋ ਮਸਜਿਦਾਂ ਅੰਦਰ ਸੈਮੀ ਆਟੋਮੈਟਿਕ ਗੰਨ ਦੇ ਨਾਲ ਹਮਲਾ ਕਰਕੇ 51 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। 51 ਕਤਲ ਕੇਸ, 40 ਇਰਾਦਾ ਕਤਲ ਅਤੇ ਇਕ ਅੱਤਵਾਦ ਦਾ ਕੇਸ ਇਸ ਉਤੇ ਹੈ। ਇਸ ਦੋਸ਼ੀ ਨੂੰ ਹੁਣ 24 ਅਗਸਤ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਸਜ਼ਾ ਹੁੰਦੀ ਵੇਖਣ ਲਈ ਮ੍ਰਿਤਕ ਪਰਿਵਾਰਾਂ ਦੇ ਮੈਂਬਰ ਇਥੇ ਆਉਣਾ ਚਾਹੁੰਦੇ ਸਨ ਪਰ ਕਰੋਨਾ ਕਰਕੇ ਸਰਹੱਦਾਂ ਸੀਲ ਹੋਣ ਕਰਕੇ ਅਜਿਹਾ ਆਸਾਨ ਨਹੀਂ ਰਿਹਾ ਸੀ। ਇਸ ਕਰਕੇ ਮਾਣਯੋਗ ਅਦਾਲਤ ਨੇ ਇਹ ਸਜ਼ਾ ਵੀ ਕੁਝ ਸਮਾਂ ਲੇਟ ਕਰ ਲਈ ਹੈ ਪਰ ਹੁਣ 24 ਅਗਸਤ ਨੂੰ ਸਜਾ ਦਿੱਤੀ ਜਾਣੀ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਪੀੜ੍ਹਤ ਪਰਿਵਾਰਾਂ ਨੂੰ ਰਾਹਤ ਦਿੰਦਿਆ ਕਿਹਾ ਹੈ ਕਿ ਉਹ ਨਿਊਜ਼ੀਲੈਂਡ ਨਾਗਰਿਕ ਜਾਂ ਪੱਕੇ ਨਾ ਹੋਣ ਦੇ ਬਾਵਜੂਦ ਵੀ ਇਥੇ ਮਾਨਵਤਾ ਦੇ ਅਧਾਰ ਉਤੇ ਆ ਸਕਣਗੇ। ਇਕ ਮ੍ਰਿਤਕ ਦੇ ਦੋ ਰਿਸ਼ਤੇਦਾਰ ਜਾਂ ਇਕ ਰਿਸ਼ਤੇਦਾਰ ਅਤੇ ਇਕ ਸਹਾਇਕ ਆ ਸਕਦਾ ਹੈ। ਜਿਹੜੇ ਨਹੀਂ ਆ ਸਕਣਗੇ ਉਨ੍ਹਾਂ ਨੂੰ ਇਕ ਵੀਡੀਓ ਲਿੰਕ ਭੇਜਿਆ ਜਾਵੇਗਾ ਜਿਸ ਦੇ ਰਾਹੀਂ ਉਹ ਅਦਾਲਤ ਦੀ ਸਾਰੀ ਕਾਰਵਾਈ ਨੂੰ ਆਨਲਾਈਨ ਵੀ ਵੇਖਣ ਸਕਣਗੇ। ਇਹ ਅਦਾਲਤੀ ਕਾਰਵਾਈ ਵੇਖਣ ਲਈ ਉਨ੍ਹਾਂ ਨੂੰ ਐਕਸਪ੍ਰੇਸ਼ਨ ਆਫ ਇੰਟ੍ਰਸਟ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਦਾਲਤੀ ਕਾਰਵਾਈ ਸਮੇਂ ਪੀੜ੍ਹਤ ਪਰਿਵਾਰਾਂ ਉਤੇ ਹੋਏ ਇਸ ਘਟਨਾ ਦੇ ਅਸਰ ਸਬੰਧੀ ਪਰਚੇ ਵੀ ਪੜ੍ਹੇ ਜਾਣਗੇ। ਇਮੀਗ੍ਰੇਸ਼ਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਨਿਊਜ਼ੀਲੈਂਡ ਇਕ ਬਹੁਸਭਿਆਚਾਰ ਰੱਖਣ ਵਾਲਾ ਦੇਸ਼ ਹੈ, ਅਤੇ ਉਹ ਚਾਹੁੰਦੇ ਹਨ ਕਿ ਜਿਹੜਾ ਇਥੇ ਹੈ ਅਤੇ ਭਵਿੱਖ ਵਿਚ ਇਥੇ ਹੋਵੇਗਾ ਉਹ ਜਾਣ ਜਾਵੇ ਕਿ ਅਸੀਂ ਅੱਤਵਾਦ ਦਾ ਕਰੜੇ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ। ਵਰਨਣਯੋਗ ਹੈ ਕਿ ਇਸ ਹਮਲੇ ਵਿਚ ਭਾਰਤ ਦੇ 7, ਪਾਕਿਸਤਾਨ ਦੇ 9, ਬੰਗਲਾਦੇਸ਼ ਦੇ 5, ਫੀਜ਼ੀ ਦੇ 3, ਸੀਰੀਆ ਦੇ 2, ਜੌਰਡਨ ਦਾ 1 ਅਤੇ ਹੋਰ ਬਾਕੀ ਕਈ ਦੇਸ਼ਾਂ ਨਾਲ ਸਬੰਧਿਤ ਲੋਕ ਮਾਰੇ ਗਏ ਸਨ।