ਮਲੇਰਕੋਟਲਾ,4 ਨਵੰਬਰ ,2024 – ਮਦਰੱਸਾ ‘ਜਾਮੀਆ ਰਾਬੀਆ ਸਿੱਦੀਕਾ ਲਿਲ ਬਾਨਾਤ’ ਨਾਭਾ ਰੋਡ, ਕਿਲ੍ਹਾ ਰਹਿਮਤਗੜ੍ਹ ਮਲੇਰਕੋਟਲਾ ਵਿਖੇ ਮੁਹੰਮਦ ਅਰਸ਼ਦ ਐਮ.ਡੀ. ਕੰਪੀਟੀਸ਼ਨ ਅਕੈਡਮੀ, ਚੌਧਰੀ ਹਾਜੀ ਮੁਹੰਮਦ ਸ਼ਮਸ਼ਾਦ ਅਤੇ ਮੁਹੰਮਦ ਅਸਲਮ ਅੱਬਾਸਪੁਰਾ ਦੀ ਰਹਿਨੁਮਾਈ ਹੇਠ ਇਕ ਇਸਲਾਮਿਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਹੀ ਇਮਾਮ ਪੰਜਾਬ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਜ਼ਰਤ ਮੌਲਾਨਾ ਮੁਹੰਮਦ ਆਬਿਦ ਕਾਸਮੀ ਪ੍ਰਿੰਸੀਪਲ ਮਖ਼ਦੂਮ ਪਬਲਿਕ ਸਕੂਲ ਪਾਣੀਪਤ ਹਰਿਆਣਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ, ਹਜ਼ਰਤ ਮੌਲਾਨਾ ਮੁਹੰਮਦ ਰਾਸ਼ਿਦ ਨਦਵੀ ਪਾਣੀਪਤ ਹਰਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਉਚੇਚੇ ਤੌਰ ‘ਤੇ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਲਤੀਫ਼ ਅਹਿਮਦ ਥਿੰਦ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕਰ ਕੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਮਰਦਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਪੰਜਾਬ ਜਨਾਬ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਜਿਹੜੇ ਲੋਕ ਕਿਸੇ ਵੀ ਖੇਤਰ ਵਿਚ ਤਰੱਕੀਆਂ ਕਰਦੇ ਹਨ ਨੂੰ ਪੈਸਿਆਂ ਦੀ ਨਹੀਂ, ਅਸਲੇ ਦੀ ਨਹੀਂ, ਇਮਾਰਤਾਂ ਦੀ ਨਹੀਂ ਬਲਕਿ ਉਹਨਾਂ ਨੂੰ ਸਭ ਤੋਂ ਵੱਧ ਜੋ ਲੋੜ ਪੈਂਦੀ ਹੈ ਉਸ ਦਾ ਨਾਂਅ ਹੈ ਤਾਲੀਮ। ਸਾਨੂੰ ਆਪਣੇ ਬੱਚਿਆਂ ਨੂੰ ਦੁਨਿਆਵੀ ਤਾਲੀਮ ਦੇ ਨਾਲ ਨਾਲ ਧਾਰਮਿਕ ਤਾਲੀਮ ਵੀ ਪਹਿਲ ਦੇ ਆਧਾਰ ਤੇ ਜ਼ਰੂਰ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਧਰਮ ਚਾਹੇ ਕੋਈ ਵੀ ਹੋਵੇ ਹਰੇਕ ਧਰਮ ਦੇ ਲੋਕਾਂ ਨੂੰ ਪਹਿਲਾਂ ਆਪਣੇ-ਆਪਣੇ ਬੱਚਿਆਂ ਨੂੰ ਆਪਣੇ-ਆਪਣੇ ਧਰਮ ਨਾਲ ਜੋੜਨਾ ਚਾਹੀਦਾ ਹੈ, ਜਿਸ ਨਾਲ ਬੱਚਿਆਂ ਅੰਦਰ ਆਪਣੇ ਆਪਣੇ ਧਰਮਾਂ ਪ੍ਰਤੀ ਆਸਥਾ ਅਤੇ ਵਿਸ਼ਵਾਸ ਪੱਕਾ ਹੋਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਵਿੱਦਿਆ ਤੋਂ ਬਿਨਾਂ ਕੋਈ ਵੀ ਵਿਅਕਤੀ ਆਪਣੇ ਰੱਬ ਦੀ ਸਹੀ ਤਰੀਕੇ ਨਾਲ ਪਛਾਣ ਨਹੀਂ ਕਰ ਸਕਦਾ। ਇਸ ਮੌਕੇ ਉਨ੍ਹਾਂ ਨੇ ਖਿਤਾਬ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਆਪਣੇ ਬੱਚਿਆਂ ਨੂੰ ਦਿਨੀਂ ਤਾਲੀਮ ਦੇ ਨਾਲ ਨਾਲ ਪਰਦੇ ਵਿਚ ਰਹਿ ਕੇ ਹਰੇਕ ਖੇਤਰ ਵਿਚ ਪੜ੍ਹਾਈ ਕਰ ਕੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਤਰੀਕਿਆਂ ਤੇ ਚੱਲਕੇ ਸਾਡੇ ਬੱਚੇ ਦੁਨਿਆਵੀ ਤਾਲੀਮ ਦੇ ਨਾਲ ਨਾਲ ਧਾਰਮਿਕ ਤਾਲੀਮ ਨੂੰ ਵੀ ਜ਼ਰੂਰ ਸਿੱਖਣ, ਕਿਉਂਕਿ ਧਰਮ ਹੀ ਸਾਨੂੰ ਹਰਾਮ-ਹਲਾਲ, ਅੱਛੇ-ਬੁਰੇ ਦੀ ਪਛਾਣ ਕਰਵਾਉਂਦਾ ਹੈ। ਇਸ ਮੌਕੇ ਨਵੇਂ ਸ਼ੁਰੂ ਕੀਤੇ ਗਏ ਮਦਰੱਸਾ ‘ਜਾਮੀਆ ਰਾਬੀਆ ਸਿੱਦੀਕਾ ਲਿਲ ਬਾਨਾਤ’ ਨਾਭਾ ਰੋਡ, ਕਿਲ੍ਹਾ ਰਹਿਮਤਗੜ੍ਹ ਮਲੇਰਕੋਟਲਾ ਵਿਖੇ ਸ਼ੁਰੂ ਕੀਤੇ ਗਏ ਮਦਰੱਸਾ ਵਿਖੇ ਪਹਿਲੀਆਂ ਪੰਜ ਬੱਚੀਆਂ ਨੂੰ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਪਹਿਲਾ ਸਬਕ ਪੜ੍ਹਾ ਕੇ ਸ਼ੁਰੂਆਤ ਕੀਤੀ ਗਈ ਅਤੇ ਉਹਨਾਂ ਇਸ ਮੌਕੇ ਸਰਬੱਤ ਦੇ ਭਲੇ ਦੀ ਦੁਆ ਵੀ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰੀਨ ਨੇ ਦੁਆ ਵਿਚ ਸ਼ਿਰਕਤ ਕੀਤੀ। ਸਟੇਜ ਦੀ ਕਾਰਵਾਈ ਮੌਲਾਨਾ ਮੁਫਤੀ ਮੁਹੰਮਦ ਮੂਸਾ ਕਾਸਮੀ ਨੇ ਬਾਖੂਬੀ ਨਿਭਾਈ ਅਤੇ ਆਏ ਹੋਏ ਸਾਰੇ ਹੀ ਮਹਿਮਾਨਾਂ ਅਤੇ ਪਤਵੰਤਿਆਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।