ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ, ਰੱਖਿਆ ਜਨਤਕ ਖੇਤਰ ਦੀਆਂ ਇਕਾਈਆਂ ਅਤੇ ਰੱਖਿਆ ਖੋਜ ਤੇ ਵਿਕਾਸ ਜਥੇਬੰਦੀ ਵੱਲੋਂ ਮੁਲਕ ’ਚ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦਾ ਅੱਜ ਜਾਇਜ਼ਾ ਲਿਆ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਬੈਠਕ ਦੌਰਾਨ ਰਾਜਨਾਥ ਸਿੰਘ ਨੂੰ ਦੱਸਿਆ ਗਿਆ ਕਿ ਤਿੰਨੋਂ ਸੈਨਾਵਾਂ ਅਤੇ ਰੱਖਿਆ ਮੰਤਰਾਲੇ ਦੇ ਹੋਰ ਵਿੰਗਾਂ ਵੱਲੋਂ ਸੰਕਟ ਨਾਲ ਨਜਿੱਠਣ ਲਈ ਸਿਵਲੀਅਨ ਅਧਿਕਾਰੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਐੱਮ ਐੱਮ ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ, ਡੀਆਰਡੀਓ ਦੇ ਚੇਅਰਮੈਨ ਜੀ ਸਤੀਸ਼ ਰੈੱਡੀ ਅਤੇ ਹੋਰਾਂ ਨੇ ਹਾਜ਼ਰੀ ਭਰੀ। ਰਾਜਨਾਥ ਸਿੰਘ ਦੇ ਦਫ਼ਤਰ ਨੇ ਟਵੀਟ ਕਰਕੇ ਦੱਸਿਆ ਕਿ ਥਲ ਅਤੇ ਜਲ ਸੈਨਾ ਵੱਲੋਂ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵੱਖ ਵੱਖ ਸੂਬਿਆਂ ’ਚ ਕਈ ਹਸਪਤਾਲ ਬਣਾਏ ਗਏ ਹਨ। ਭਾਰਤੀ ਹਵਾਈ ਸੈਨਾ ਵੱਲੋਂ ਕ੍ਰਾਇਓਜੈਨਿਕ ਆਕਸੀਜਨ ਟੈਂਕਰਾਂ ਅਤੇ ਹੋਰ ਹੰਗਾਮੀ ਮੈਡੀਕਲ ਸਪਲਾਈ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਸ ਦੇ ਜਹਾਜ਼ ਸਿੰਗਾਪੁਰ, ਥਾਈਲੈਂਡ ਤੇ ਯੂਏਈ ਸਮੇਤ ਹੋਰ ਮੁਲਕਾਂ ਤੋਂ ਸਾਮਾਨ ਦੀ ਢੋਆ-ਢੁਆਈ ’ਚ ਲੱਗੇ ਹੋਏ ਹਨ।