ਲੁਧਿਆਣਾ 16 ਸਤੰਬਰ,2024 ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਨੇ ਇਤਿਹਾਸਕ ਪ੍ਰਾਪਤੀ ਦਰਜ ਕਰਦੇ ਹੋਏ ਸਾਲ 2024-25 ਲਈ ਯੂਨੀਵਰਸਿਟੀ ਦਾ ਅੰਤਰ ਕਾਲਜ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ| ਇਹ ਮੁਕਾਬਲਾ ਟੀਮ ਨੇ ਇਤਿਹਾਸ ਵਿਚ ਪਹਿਲੀ ਵਾਰੀ ਜਿੱਤਿਆ| ਸਮੁੱਚੇ ਟੂਰਨਾਮੈਂਟ ਦੌਰਾਨ ਇਸ ਟੀਮ ਦਾ ਦਬਦਬਾ ਬਣਿਆ ਰਿਹਾ ਅਤੇ ਸਾਰੇ ਮੈਚਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਜੇਤੂ ਰਹੀ|
ਇਸ ਟੀਮ ਨੇ ਕਾਲਜ ਦੇ ਉਭਰਦੇ ਖਿਡਾਰੀਆਂ ਤਨੀਸ਼ ਜੱਗੀ ਅਤੇ ਦਿਵਤੇਸ਼ ਸਿੰਘ ਵੱਲੋਂ ਕੀਤੇ ਗੋਲਾਂ ਸਦਕਾ ਖੇਤੀਬਾੜੀ ਕਾਲਜ ਦੀ ਟੀਮ ਨੂੰ 2-1 ਨਾਲ ਹਰਾਇਆ| ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੀ ਟੀਮ ਨੂੰ ਹਰਾਉਣ ਵੇਲੇ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਨੇ ਦੋ ਗੋਲ ਕੀਤੇ ਜੋ ਦਿਲਕਸ਼ ਚੌਧਰੀ ਅਤੇ ਦਿਗਤੇਸ਼ ਸਿੰਘ ਵੱਲੋਂ ਕੀਤੇ ਗਏ ਸਨ| ਇਸੇ ਤਰ੍ਹਾਂ ਇਸ ਕਾਲਜ ਦੀ ਟੀਮ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਨੂੰ 3-0 ਨਾਲ ਮਾਤ ਦਿੱਤੀ| ਇਸ ਮੈਚ ਵਿਚ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਨੇ ਸ਼ਾਨਦਾਰ 3 ਗੋਲ ਕਰਕੇ ਹੈਟਰਿਕ ਬਣਾਈ|
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਪੀ.ਏ.ਯੂ. ਦੇ ਮਰਦਾਂ ਦੀ ਹਾਕੀ ਦੇ ਪ੍ਰਧਾਨ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ| ਉਹਨਾਂ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਉੱਪਰ ਤਸੱਲੀ ਪ੍ਰਗਟ ਕਰਦਿਆਂ ਇਸ ਟੀਮ ਦੇ ਉਭਰਦੇ ਖਿਡਾਰੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|