ਚੰਡੀਗੜ੍ਹ, 17 ਅਗਸਤ ਸਾਲ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਪੈਦਾ ਕੀਤੇ ਜਾ ਰਹੇ ਬਦਅਮਨੀ ਦੇ ਮਾਹੌਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਵਾਲ ਚੁੱਕਿਆ ਹੈ ਕਿ ਪੰਜਾਬ ਹਰ ਵਾਰ ਚੋਣਾਂ ਤੋਂ ਐਨ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਦੇ ਨਿਸ਼ਾਨੇ ਤੇ ਕਿਉਂ ਆ ਜਾਂਦਾ ਹੈ ਅਤੇ ਚੋਣਾਂ ਨਿੱਬੜਨ ਉਪਰੰਤ ਅਜਿਹੇ ਦੇਸ਼ ਵਿਰੋਧੀ ਤੱਤ ਕਿਹੜੀ ਖੁੱਡ ਵਿੱਚ ਵੜ ਜਾਂਦੇ ਹਨ, ਜੋ ਦੇਸ਼ ਅਤੇ ਸੂਬੇ ਦੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਲੱਭਦੇ ਹੀ ਨਹੀਂ ਹਨ।
ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ 6 ਮਹੀਨੇ ਬਚੇ ਹਨ। ਬਾਦਲਾਂ ਵਾਂਗ ਕਾਂਗਰਸ ਦੇ ਰਾਜ ਵਿੱਚ ਵੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਰਹੀ ਹੈ ਅਤੇ ਜਨਤਾ ਦਾ ਸੂਬਾ ਸਰਕਾਰ ਤੋਂ ਪੂਰੀ ਤਰਾਂ ਵਿਸ਼ਵਾਸ ਉੱਠ ਚੁੱਕਿਆ ਹੈ। ਉਨਾਂ ਕਿਹਾ ਕਿ ਚਿੰਤਾਜਨਕ ਗੱਲ ਇਹ ਹੈ ਕਿ ਕਾਲੇ ਦੌਰ ਤੋਂ ਬਾਅਦ ਪੰਜਾਬ ਅੰਦਰ ਜਦ ਵੀ ਆਮ ਚੋਣਾਂ ਹੁੰਦੀਆਂ ਹਨ, ਉਸ ਤੋਂ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਅਖ਼ਬਾਰਾਂ-ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਹਨ, ਜਿਸ ਨਾਲ ਸੰਤਾਪ ਹੰਢਾ ਚੁੱਕੇ ਪੰਜਾਬੀਆਂ ਦੇ ਮਨਾਂ ਵਿੱਚ ਭੈਅ ਪੈਦਾ ਹੋਣਾ ਸੁਭਾਵਿਕ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾਂ ਦੇਸ਼ ਵਿਰੋਧੀ ਤਾਕਤਾਂ ਦੇ ਹਵਾਲੇ ਨਾਲ ਸੂਬੇ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਖ਼ਤਰੇ ਦਾ ਖ਼ਦਸਾ ਪ੍ਰਗਟਾਉਂਦੇ ਰਹਿੰਦੇ ਹਨ। ਪਿਛਲੇ 10 ਕੁ ਦਿਨਾਂ ਵਿੱਚ 2-3 ਵਾਰ ਇਹ ਖਦਸਾ ਦੁਹਰਾਇਆ ਜਾ ਚੁੱਕਾ ਹੈ। ਸਰਹੱਦ ਪਾਰੋਂ ਡਰੋਨ ਰਾਹੀਂ ਆਤੰਕੀ ਗਤੀਵਿਧੀਆਂ ਦੀਆਂ ਖ਼ਬਰਾਂ ਸਾਮ੍ਹਣੇ ਆ ਰਹੀਆਂ ਹਨ, ਗ੍ਰਨੇਡ ਬਰਾਮਦ ਹੋ ਰਹੇ ਹਨ ਅਤੇ ਦੇਸ਼ ਵਿਰੋਧੀ ਤੱਤਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਰਹੀਆਂ ਹਨ।
ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇੱਕ ਖ਼ਾਸ ਸ਼ੈਲੀ ਵਿੱਚ ਉਪਜਦਾ ਡਰ ਅਤੇ ਭੈਅ ਦਾ ਮਾਹੌਲ ਹਜ਼ਮ ਨਹੀਂ ਹੋ ਰਿਹਾ ਅਤੇ ਕਈ ਤਰਾਂ ਦੇ ਸ਼ੱਕ- ਸ਼ੰਕੇ ਪੈਦਾ ਕਰ ਰਿਹਾ ਹੈ। ਇਸ ਲਈ ਹਰੇਕ ਨਾਗਰਿਕ ਦਾ ਅਜਿਹੀਆਂ ਘਟਨਾਵਾਂ ਅਤੇ ਖ਼ਬਰਾਂ ਬਾਰੇ ਸੁਚੇਤ ਅਤੇ ਚੌਕੰਨਾ ਰਹਿਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਬਤੌਰ ਗ੍ਰਹਿ ਮੰਤਰੀ ਮੁੱਖ ਮੰਤਰੀ ਇਹ ਦੱਸਣ ਕਿ ਚੋਣਾਂ ਤੋਂ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਦੇ ਸਰਗਰਮ ਹੋਣ ਪਿੱਛੇ ਸੂਬੇ ਅਤੇ ਕੇਂਦਰ ਦੇ ਸੁਰੱਖਿਆ ਅਤੇ ਖੂਫੀਆ ਤੰਤਰ ਦੀ ਅਸਫ਼ਲਤਾ ਅਤੇ ਕਮਜ਼ੋਰੀ ਹੈ, ਜਾਂ ਫਿਰ ਇਹ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ/ਡਰ ਪੈਦਾ ਕਰਨ ਦੀ ਸਿਆਸੀ ਗਿਣੀ-ਮਿਥੀ ਸਾਜ਼ਿਸ਼ ਰਚੀ ਗਈ ਹੈ।
ਉਨਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਸਾਢੇ 4 ਸਾਲਾਂ ਬਾਅਦ ਵੀ ਮੌੜ ਬੰਬ ਬਲਾਸਟ ਦੇ ਪੀੜਤਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਦਾ ਖੁਰਾ-ਖੋਜ ਲੱਭਣ ਵਿੱਚ ਪੂਰੀ ਤਰਾਂ ਨਾਕਾਮ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਦੇ ਨਾਲ ਗ੍ਰਹਿ-ਮੰਤਰੀ ਬਣੇ ਰਹਿਣਾ ਕੀ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਸਹੀ ਹੈ? ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਕਰਕੇ ਮੌੜ ਬੰਬ ਕਾਂਡ ਦੀ ਜਾਂਚ ਜਾਣ-ਬੁੱਝ ਕੇ ਸਿਰੇ ਨਹੀਂ ਚੜਾਈ ਗਈ।
ਅਮਨ ਅਰੋੜਾ ਨੇ ਸ਼ਰੇਆਮ ਹੁੰਦੀਆਂ ਜਾਨਲੇਵਾ ਗੈਂਗਵਾਰਾਂ, ਬਲਾਤਕਾਰਾਂ, ਚੋਰੀਆਂ, ਡਕੈਤੀਆਂ, ਫਿਰੌਤੀਆਂ ਅਤੇ ਬਦਅਮਨੀ ਦੀਆਂ ਹੋਰ ਘਟਨਾਵਾਂ ਵੱਲ ਮੁੱਖ ਮੰਤਰੀ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਹੋਣ ਦੇ ਨਾਤੇ ਸੂਬੇ ਦੀ ਅੰਦਰੂਨੀ ਕਾਨੂੰਨ ਵਿਵਸਥਾ ਨੂੰ ਸਹੀ ਰੱਖਣਾ ਉਨਾਂ ਦੀ ਮੁਢਲੀ ਜ਼ਿੰਮੇਵਾਰੀ ਹੈ, ਜਿਸ ਨੂੰ ਉਹ ਨਿਭਾ ਨਹੀਂ ਰਹੇ।
AddThis Sharing Buttons
Share to Facebook
Share to TwitterShare to PrintShare to EmailShare to More