ਬਾਬਾ ਬਕਾਲਾ, 13 ਸਤੰਬਰ 2024: ਅੱਜ ਸਵੇਰੇ ਕਰੀਬ 5-30 ਵਜੇ ਐਨ ਆਈ ਏ ਦੀਆ ਵੱਖ ਵੱਖ ਟੀਮਾਂ ਵਲੋ ਹਲਕਾ ਖਡੂਰ ਸਾਹਿਬ ਦੇ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਪਿੰਡ ਬੁਤਾਲਾ,ਜਲੰਧਰ ਖੇੜਾ ਅਤੇ ਕਸਬਾ ਰਈਆ ਫੇਰੂ ਮਾਨ ਰੋਡ ਤੇ ਛਾਪਾਮਾਰੀ ਕਰਕੇ ਕਈ ਘੰਟੇ ਜਾਚ ਕੀਤੀ।ਇਹ ਜਾਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ ਬਾਹਰ ਪ੍ਰਦਰਸ਼ਨ ਦੌਰਾਨ ਭਾਰਤ ਵਿਰੋਧੀ ਨਾਅਰੇਬਾਜ਼ੀ ਅਤੇ ਚਾਰ ਦੀਵਾਰੀ ਤੇ ਖ਼ਾਲਿਸਤਾਨ ਝੰਡੇ ਬੰਨੇ ਕੇ ਇਮਾਰਤ ਅੰਦਰ ਗਰਨੇਡ ਸੁੱਟਣ ਸਬੰਧੀ ਦਰਜ ਹੋਈ ਇਕ ਐਫ ਆਈ ਆਰ ਸਬੰਧੀ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5-30 ਵਜੇ ਐਨ ਆਈ ਏ ਦੀਆ ਵੱਖ ਵੱਖ ਟੀਮਾਂ ਵਲੋ ਖਡੂਰ ਸਾਹਿਬ ਹਲਕੇ ਦੇ ਐਮ ਪੀ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਭਣਵਈਏ ਅਮਰਜੋਤ ਸਿੰਘ ਪੁੱਤਰ ਦਵਿੰਦਰ ਸਿੰਘ ਪਿੰਡ ਬੁਤਾਲਾ ਅਤੇ ਰਿਸ਼ਤੇਦਾਰੀ ਵਿਚ ਲੱਗਦੇ ਚਾਚਾ ਪ੍ਰਗਟ ਸਿੰਘ ਜਲੂ ਪੁਰ ਖੇੜਾ ਦੇ ਘਰ ਛਾਪਾ ਮਾਰਿਆ। ਦੱਸਿਆ ਜਾ ਦਾ ਹੈ ਕਿ ਲੋਕ ਸਭਾ ਮੈਂਬਰ ਦਾ ਭਣਵਈਆ ਅਮਰਜੋਤ ਸਿੰਘ ਜੋ ਕਿ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ ਉਸ ਦੇ ਜੱਦੀ ਘਰ ਪਿੰਡ ਬੁਤਾਲਾ ਵਿਚ ਮਾਰੇ ਛਾਪੇ ਦੌਰਾਨ ਘਰ ਵਿਚ ਸਿਰਫ਼ ਉਸ ਦੀ ਭਰਜਾਈ ਹੀ ਮੌਜੂਦ ਸੀ ਜਿਸ ਵਕਤ ਸਵੇਰੇ ਐਨ ਆਈ ਟੀਮ ਨੇ ਛਾਪਾ ਮਾਰ੍ਹਕੇ ਘਰ ਦੇ ਅੰਦਰ ਚੰਗੀ ਤਰਾ ਫਰੋਲਾ ਫਰੋਲੀ ਕੀਤੀ ਅਤੇ ਲਗਾਤਾਰ ਪੰਜ ਘੰਟੇ ਟੀਮ ਘਰ ਵਿਚ ਮੌਜੂਦ ਰਹੀ ਜਿਸ ਦੌਰਾਨ ਉਨ੍ਹਾਂ ਪੈੱਨ ਡਰਾਈਵ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਡੀ ਵੀ ਆਰ ਨਾਲ ਲੈ ਗਏ। ਇਸੇ ਤਰ੍ਹਾਂ ਦੂਸਰੀ ਟੀਮ ਨੇ ਉਸ ਦੇ ਰਿਸ਼ਤੇਦਾਰੀ ਵਿਚ ਲੱਗਦੇ ਚਾਚਾ ਪ੍ਰਗਟ ਸਿੰਘ ਦੇ ਘਰ ਪਿੰਡ ਜਲੂ ਪੁਰ ਖੇੜਾ ਕਰੀਬ 5-30 ਪੁੱਜੀ ਪਰ ਘਰ ਵਿਚ ਕੋਈ ਮੌਜੂਦ ਨਾ ਹੋਣ ਕਾਰਨ ਪਤਾ ਕੀਤਾ ਕਿ ਉਹ ਫੇਰੂ ਮਾਨ ਰੋਡ ਤੇ ਸੰਧੂ ਫ਼ਰਨੀਚਰ ਦੇ ਨਾਮ ਕੰਮ ਕਰਦਾ ਹੈ ਅਤੇ ਉੱਥੇ ਹੀ ਰਹਿੰਦੇ ਹਨ। ਇਸ ਜਾਚ ਟੀਮ ਜਿਸ ਦੀ ਅਗਵਾਈ ਯਾਦਵ ਨਾਮ ਦੇ ਅਧਿਕਾਰੀ ਕਰ ਰਹੇ ਸਨ ਉਨ੍ਹਾਂ ਸਵੇਰੇ 6 ਵਜੇ ਰਈਆ ਫੇਰੂ ਮਾਨ ਰੋਡ ਤੇ ਸੰਧੂ ਫ਼ਰਨੀਚਰ ਤੇ ਛਾਪਾ ਮਾਰਿਆ ਉਸ ਵਕਤ ਘਰ ਵਿਚ ਪ੍ਰਗਟ ਸਿੰਘ ਮੌਜੂਦ ਨਹੀਂ ਸੀ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਦੀ ਪੁੱਛਗਿੱਛ ਕੀਤੀ। ਦੋ ਘੰਟੇ ਘਰ ਦੀ ਹਰ ਚੀਜ਼ ਦੀ ਪੂਰੀ ਤਰਾ ਫਰੋਲਾ ਫਰੋਲੀ ਕਰਨ ਉਪਰੰਤ ਘਰ ਵਿਚ ਮੌਜੂਦ ਦੋ ਮੋਬਾਇਲ ਫ਼ੋਨ, ਪੈੱਨ ਡਰਾਈਵ, ਸੀ ਸੀ ਟੀ ਵੀ ਕੈਮਰਿਆਂ ਦੀ ਡੀ ਵੀ ਆਰ ਤੇ ਹਿਸਾਬ ਵਾਲਾ ਕਾਗ਼ਜ਼ ਅਤੇ ਅਮਰਜੀਤ ਕੌਰ ਨੂੰ ਪੁਲੀਸ ਥਾਣਾ ਬਿਆਸ ਲਿਜਾ ਕੇ ਕਰੀਬ ਪੰਜ ਘੰਟੇ ਤੋ ਉਪਰ ਪੁੱਛਗਿੱਛ ਕੀਤੀ।ਜਾਚ ਟੀਮ ਪੁਲੀਸ ਥਾਣਾ ਬਿਆਸ ਵਿਚ 12-30 ਵਜੇ ਤੱਕ ਰਹੀ।ਜਾਚ ਟੀਮ ਵਲੋ ਪ੍ਰਗਟ ਸਿੰਘ ਨੂੰ 26 ਸਤੰਬਰ ਨੂੰ ਚੰਡੀਗੜ੍ਹ ਪੇਸ਼ ਕਰਨ ਸਬੰਧੀ ਕਿਹਾ ਹੈ।ਇਹ ਵੀ ਪਤਾ ਲੱਗਾ ਹੈ ਕਿ ਕਸਬਾ ਰਈਆ ਤੋ ਇਲਾਵਾ ਸਠਿਆਲਾ, ਘੁਮਾਣ,ਮਚਰਾਵਾ,ਭਾਮ,ਮਹਿਤਾ ਵਿਖੇ ਵੀ ਐਨ ਆਈ ਏ ਟੀਮ ਵਲੋ ਛਾਪਾਮਾਰੀ ਕੀਤੀ ਹੈ ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਉਂਦਿਆਂ ਕਿਹਾ ਕਿ ਐਨ ਆਈ ਏ ਟੀਮ ਦੇ ਜਾਚ ਅਧਿਕਾਰੀ ਯਾਦਵ ਵਲੋ ਵਾਰ ਵਾਰ ਖ਼ਾਲਿਸਤਾਨ ਬਣਾਉਣ ਸਬੰਧੀ ਸਵਾਲ ਕੀਤੇ ਜਾ ਰਹੇ ਸਨ ਜਦਕਿ ਉਨ੍ਹਾਂ ਕਦੇ ਵੀ ਅਜਿਹਾ ਜ਼ਿਕਰ ਨਹੀਂ ਕੀਤਾ।ਕੇਂਦਰ ਸਰਕਾਰ ਜਾਣਬੁੱਝ ਕੇ ਸਾਡੇ ਰਿਸ਼ਤੇਦਾਰਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੀ ਹੈ। ਇਸ ਮੌਕੇ ਬਾਪੂ ਤਰਸੇਮ ਸਿੰਘ, ਮੇਜਰ ਸਿੰਘ , ਚਰਨਜੀਤ ਸਿੰਘ ਭਿੰਡਰ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਮੌਜੂਦ ਸਨ।ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਭਣਵਈਆ ਅਮਰਜੋਤ ਸਿੰਘ ਹਾਲ ਵਾਸੀ ਕੈਨੇਡਾ ਦੀ ਅਗਵਾਈ ਹੇਠ 2023 ਵਿਚ ਖ਼ਾਲਿਸਤਾਨ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ ਬਾਹਰ ਧਰਨਾ ਦਿੱਤਾ,ਭਾਰਤ ਵਿਰੋਧੀ ਨਾਅਰੇਬਾਜ਼ੀ,ਹਾਈ ਕਮਿਸ਼ਨ ਦੀ ਚਾਰਦੀਵਾਰੀ ਤੇ ਕੇਸਰੀ ਝੰਡੇ ਬੰਨੇ ਅਤੇ ਇਮਾਰਤ ਅੰਦਰ ਦੋ ਗਰਨੇਡ ਸੁੱਟੇ ਜਿਸ ਸਬੰਧੀ ਦਿਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ 16 ਜੂਨ 2023 ਨੂੰ ਅਮਰਜੋਤ ਸਿੰਘ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਸੀ।ਜਿਸ ਸਬੰਧੀ ਐਨ ਆਈ ਏ ਟੀਮ ਵਲੋ ਅੱਜ ਛਾਪਾਮਾਰੀ ਕੀਤੀ ਗਈ ਹੈ।