ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਪਹਿਲੇ ਹੀ ਦਿਨ ਜੋ ਬਾਈਡੇਨ ਨੇ ਕੀਸਟੋਨ ਐਕਸ ਐਲ ਪਾਈਪਲਾਈਨ ਦੇ ਕੰਮ ਉੱਤੇ ਰੋਕ ਲਗਾ ਦਿੱਤੀ ਹੈ। ਇਸਤੋਂ ਪਹਿਲਾਂ 2015 ਵਿਚ ਬਰਾਕ ਓਬਾਮਾ ਨੇ ਵੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ 2017 ਵਿਚ ਡੋਨਾਲਡ ਟਰੰਪ ਨੇ ਇਸ ਫੈਸਲੇ ਨੂੰ ਉਲਟਾ ਦਿੱਤਾ ਅਤੇ ਪਰਮਿਟ ਜਾਰੀ ਕਰ ਦਿੱਤਾ। 2019 ਵਿਚ ਇਸ ਪਾਈਪਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।ਕੀਸਟੋਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਇਕ ਤੇਲ ਪਾਈਪਲਾਈਨ ਹੈ। ਸੰਯੁਕਤ ਰਾਜ ਅਮਰੀਕਾ ਦੇ ਵਾਤਾਵਰਣ ਪੱਖੀ ਲੋਕ ਅਤੇ ਸੰਗਠਨ ਇਸਦੇ ਵਿਰੋਧ ਵਿੱਚ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਪਾਈਪਲਾਈਨ ਰਾਹੀਂ ਜੋ ਤੇਲ ਆਉਣ ਵਾਲਾ ਹੈ ਉਸਤੋਂ ਹੋਣ ਵਾਲੀ ਕਾਰਬਨ ਨਿਕਾਸੀ 30 ਫੀਸਦੀ ਜ਼ਿਆਦਾ ਹੈ।ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਵੱਲੋਂ ਕੀਸਟੋਨ ਤੇਲ ਪਾਈਪਲਾਈਨ ਦੇ ਪਰਮਿਟ ਨੂੰ ਰੱਦ ਕਰਨ ਉੱਤੇ ਉਹ ਨਿਰਾਸ਼ ਹਨ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਇਸਨੂੰ ਅਲਬਰਟਾ ਦੇ ਲੋਕਾਂ ਲਈ ਜ਼ੋਰਦਾਰ ਥੱਪੜ ਅਤੇ ਅਪਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪਹਿਲੇ ਹੀ ਦਿਨ ਸਹਿਯੋਗੀ ਵਪਾਰਕ ਭਾਈਵਾਲ ਨੂੰ ਇਹ ਝਟਕਾ ਦੇ ਦਿੱਤਾ ਗਿਆ ਹੈ। ਟਰੰਪ ਨੇ ਸਾਲ 2019 ਵਿੱਚ ਕੈਨੇਡਾ ਨਾਲ 1,900 ਕਿਲੋਮੀਟਰ ਲੰਬੀ ਤੇਲ ਪਾਈਪਲਾਈਨ ਬਣਾਉਣ ਦਾ ਕਰਾਰ ਕੀਤਾ ਸੀ। ਇਸ ਜ਼ਰੀਏ ਇੱਕ ਦਿਨ ਵਿੱਚ ਲਗਭਗ 8,30,000 ਬੈਰਲ ਭਾਰੀ ਕੱਚੇ ਤੇਲ ਨੂੰ ਕੈਨੇਡਾ ਦੇ ਅਲਬਰਟਾ ਤੋਂ ਅਮਰੀਕਾ ਨੈਬਰਾਸਕਾ ਲਿਜਾਣ ਦੀ ਯੋਜਨਾ ਸੀ। ਹਾਲਾਂਕਿ ਬਾਈਡੇਨ ਨੇ ਇਸਨੂੰ ਰੱਦ ਕਰਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ ਸਵੱਛ ਊਰਜਾ ਉੱਤੇ ਜ਼ੋਰ ਦੇਵੇਗਾ।