ਬਠਿੰਡਾ, 29 ਅਗਸਤ 2024: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ’ਚ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁੱਛ ਦਾ ਵਾਲ ਮੰਨੇ ਜਾਂਦੇ ਸਾਬਕਾ ਅਕਾਲੀ ਆਗੂ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਦੇ ਵਿਹੜੇ ’ਚ ਦਹਾਕੇ ਮਗਰੋਂ ਸਿਆਸੀ ਢੋਲ ਵੱਜੇ ਹਨ। ਕਰੀਬ 10 ਸਾਲ ਢਿੱਲੋਂ ਪ੍ਰੀਵਾਰ ਨੂੰ ਸਿਆਸੀ ਸੋਕਾ ਝੱਲਣਾ ਪਿਆ ਹੈ ਜੋ ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਟੁੱਟਿਆ ਹੈ। ਡਿੰਪੀ ਢਿੱਲੋਂ ਦੋ ਦਿਨ ਪਹਿਲਾਂ ਸੁਖਬੀਰ ਬਾਦਲ ਤੇ ਆਪਣੇ ਚਚੇਰੇ ਭਰਾ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੱਲ ਨਰਮ ਗੋਸ਼ਾ ਰੱਖਣ ਅਤੇ ਭਰਾ ਭਰਾਵਾਂ ਦੇ ਭੋਲੂ ਨਰੈਣੇ ਦਾ ਵਰਗੇ ਦੋਸ਼ ਲਾਉਂਦਿਆਂ 38 ਸਾਲ ਪੁਰਾਣੀਆਂ ਸਿਆਸੀ ਤੰਦਾਂ ਤੋੜ ਦਿੱਤੀਆਂ ਸਨ।
ਬੇਸ਼ੱਕ ਅਕਾਲੀ ਭਾਜਪਾ ਗੱਠਜੋੜ ਦੇ ਰਾਜ ਭਾਗ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਵਜੋਂ ਡਿੰਪੀ ਢਿੱਲੋਂ ਦੀ ਤੂਤੀ ਬੋਲਦੀ ਰਹੀ ਸੀ ਪਰ ਸੱਤਾ ਤਬਦੀਲੀ ਤੋਂ ਬਾਅਦ ਬਣੀਆਂ ਸਰਕਾਰਾਂ ਦੇ ਰਾਜ ’ਚ ਉਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ । ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਬਣਨ ਪਿੱਛੋਂ ਤਾਂ ਡਿੰਪੀ ਢਿੱਲੋਂ ਦੀ ਟਰਾਂਸਪੋਰਟ ਹਕੂਮਤ ਦੇ ਖਾਸ ਨਿਸ਼ਾਨੇ ਤੇ ਰਹੀ ਜਿਸ ਬਾਰੇ ਵੱਡੀ ਪੱਧਰ ਤੇ ਚਰਚਾ ਦਾ ਦੌਰ ਵੀ ਚੱਲਿਆ ਸੀ। ਰਾਜਾ ਵੜਿੰਗ ਤਾਂ ਡਿੰਪੀ ਢਿੱਲੋਂ ਦੀ ਟਰਾਂਸਪੋਰਟ ਕੰਪਨੀ ਨੂੰ ਬਾਦਲਾਂ ਦੀਆਂ ਬੱਸਾਂ ਦੇ ਬਰਾਬਰ ਕਟਹਿਰੇ ’ਚ ਖੜ੍ਹਾ ਕਰਦੇ ਰਹਿੰਦੇ ਸਨ। ਡਿੰਪੀ ਢਿੱਲੋਂ ਦੇ ਇੱਕ ਸਮਰਥਕ ਨੇ ਅੱਜ ਦੱਸਿਆ ਕਿ ਦਸ ਸਾਲ ਦੌਰਾਨ ਡਿੰਪੀ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।
ਹੁਣ ਜਦੋਂ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਨੇ ਪੰਜਾਬ ’ਚ ਭਾਰੀ ਬਹੁਮੱਤ ਨਾਲ ਸਰਕਾਰ ਬਨਾਉਣ ਵਾਲੀ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ ਹੈ ਤਾਂ ਇਹ ਪ੍ਰਸ਼ਾਸ਼ਨ ਵੱਲੋਂ ਬਦਲੇ ਰੰਗਾਂ ਦੀ ਦਾਸਤਾਨ ਹੈ ਜੋ ਸੂਤਰਾਂ ਤੋਂ ਸਾਹਮਣੇ ਆਈ ਹੈ। ਸੂਤਰ ਦੱਸਦੇ ਹਨ ਕਿ ਕੁੱਝ ਪੁਲਿਸ ਅਧਿਕਾਰੀਆਂ ਨੇ ਵਧਾਈ ਦੇਣ ਨੂੰ ਫੋਨ ਕੀਤਾ ਤੇ ਸੇਵਾ ਵੀ ਪੁੱਛੀ। ਇੱਕ ਪੁਲਿਸ ਅਫਸਰ ਨੇ ਤਾਂ ਪੁਲਿਸ ਮੁਲਾਜਮਾਂ ਨੂੰ ਤਾੜਨਾ ਕਰ ਦਿੱਤੀ ਕਿ ਉਹ ਹਲਕੇ ਵਿੱਚ ‘ਹੱਥ ਹੌਲਾ’ ਕਰਨ ਤੋਂ ਪਹਿਲਾਂ ਇਹ ਤਸੱਲੀ ਕਰ ਲੈਣ ਕਿ ਕਿਧਰੇ ਉਸ ਨੇ ਤਾਜਾ ਤਾਜਾ ਝਾੜੂ ਤਾਂ ਨਹੀਂ ਚੁੱਕਿਆ ਹੈ। ਜਾਣਕਾਰੀ ਅਨੁਸਾਰ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਵੀ ਗਿੱਦੜਬਾਹਾ ਦੀ ਨਵੀਂ ਲੀਡਰਸ਼ਿਪ ਨੂੰ ਸਲਾਮ ਠੋਕਣ ’ਚ ਦੇਰ ਨਹੀਂ ਲਾਈ ਹੈ।
ਹੋਰ ਵੀ ਕਈ ਛੋਟੇ ਮੋਟੇ ਮਾਮਲੇ ਹਨ ਜਿੰਨ੍ਹਾਂ ਨੂੰ ਦੇਖਦਿਆਂ ਸਪਸ਼ਟ ਹੁੰਦਾ ਹੈ ਕਿ ਸਿਰਫ ਪੁਲਿਸ ਹੀ ਨਹੀਂ ਬਲਕਿ ਸਮੁੱਚਾ ਪ੍ਰਸ਼ਾਸ਼ਨ ਗਿੱਦੜਬਾਹਾ ’ਚ ਵਗਣ ਲੱਗੀ ਸਿਆਸੀ ਹਵਾ ਦਾ ਰੁੱਖ ਪਛਾਣ ਗਿਆ ਹੈ। ਸੂਤਰਾਂ ਮੁਤਾਬਕ ਇੱਕ ਲੋੜ ਤੋਂ ਵੱਧ ਉਤਸ਼ਾਹੀ ਅਫਸਰ ਨੇ ਤਾਂ ਕਿਸੇ ਕੰਮ ਲਈ ਆਏ ਡਿੰਪੀ ਢਿੱਲੋਂ ਦੇ ਹਮਾਇਤੀਆਂ ਨੂੰ ਖੁਸ਼ ਕਰਨ ਲਈ ਜਿਮਨੀ ਚੋਣ ਮੌਕੇ ਪਾਰਟੀ ਟਿਕਟ ਦਿੱਤੇ ਜਾਣ ਦੀ ਪੇਸ਼ੀਨਗੋਈ ਕਰਨ ’ਚ ਦੇਰ ਨਹੀਂ ਲਾਈ ਹੈ। ਕਿਸੇ ਸਧਾਰਨ ਕੰਮ ਲਈ ਥਾਣੇ ਪੁੱਜੇੇ ਹਲਕੇ ਦੇ ਨਵੇਂ ਨਵੇਂ ਆਪ ਆਗੂ ਦੀ ਪੁਲਿਸ ਮੁਲਾਜਮਾਂ ਨੇ ਠੰਢੇ ਪਿਆਏ ਅਤੇ ਚੰਗੀ ਟਹਿਲ ਸੇਵਾ ਵੀ ਕੀਤੀ ਹੈ। ਨਵਾਂ ਸਿਆਸੀ ਰਾਹ ਫੜ੍ਹਨ ਪਿੱਛੋਂ ਤਾਂ ਡਿੰਪੀ ਢਿੱਲੋਂ ਵੱਲੋਂ ਦੀ ਟਰਾਂਸਪੋਰਟ ਵੀ ਕਾਫੀ ਸਮੇਂ ਬਾਅਦ ਹੌਂਸਲੇ ’ਚ ਚਲਦੀ ਦਿਖਾਈ ਦਿੱਤੀ।