ਲੁਧਿਆਣਾ 27 ਅਗਸਤ 2024- ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਦੁਆਰਾ ਗਠਿਤ ਕੀਤੀ ਗਈ ਰਿਵਿਊ ਟੀਮ ਨੇ ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਹ ਕੌਂਸਿਲ ਦੁਆਰਾ ਗਠਿਤ ਕੀਤੀ ਗਈ ਇੱਕ ਉੱਚ ਪੱਧਰੀ ਟੀਮ ਸੀ, ਜਿਸਦਾ ਕੰਮ ਸ਼ਹਿਦ ਮੱਖੀ ਬਾਰੇ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਦੁਆਰਾ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕਰਨਾ ਹੈ।
ਯਾਦ ਰਹੇ ਕਿ ਪੀ ਯੂ ਦੇ ਸ਼ਹਿਦ ਮੱਖੀਆਂ ਬਾਰੇ ਕੇਂਦਰ ਨੂੰ 2023 ਵਿੱਚ ‘ਸਰਬੋਤਮ ਖੋਜ ਕੇਂਦਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਛੇ ਮੈਂਬਰੀ ਟੀਮ ਦੇ ਚੇਅਰਮੈਨ ਡਾ. ਐਚ.ਸੀ. ਸ਼ਰਮਾ, ਵਾਈਸ ਚਾਂਸਲਰ ਡਾ. ਵਾਈ.ਐਸ. ਪਰਮਾਰ ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫੋਰੈਸਟਰੀ, ਨੌਨੀ, ਸੋਲਨ ਵਿਖੇ ਪ੍ਰਿੰਸੀਪਲ ਸਾਇੰਟਿਸਟ ਵਜੋਂ ਕੰਮ ਕਰ ਚੁੱਕੇ ਪ੍ਰਸਿੱਧ ਕੀਟ-ਵਿਗਿਆਨੀ ਨੇ ਪੀਏਯੂ, ਲੁਧਿਆਣਾ ਸੈਂਟਰ ਆਫ਼ ਏਆਈਸੀਆਰਪੀ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਹਿਦ ਦੀਆਂ ਮੱਖੀਆਂ ਦੇ ਪ੍ਰਜਣਨ ਅਤੇ ਤਿਆਰ ਉਤਪਾਦਾਂ ਬਾਰੇ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਟੀਮ ਦੇ ਮੈਂਬਰਾਂ ਨੇ ਵੀ ਇਹੀ ਵਿਚਾਰ ਪ੍ਰਗਟ ਕੀਤੇ।
ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਪੀਏਯੂ ਦੇ ਵਿਗਿਆਨੀਆਂ ਦੀ ਟੀਮ ਦੁਆਰਾ ਭਾਰਤ ਵਿੱਚ ਇਤਾਲਵੀ ਸ਼ਹਿਦ ਮੱਖੀ ਦੀ ਸ਼ੁਰੂਆਤ ਅਤੇ ਸਥਾਪਨਾ ਵਿੱਚ ਡਾ ਏ ਐਸ ਅਟਵਾਲ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੀਏਯੂ ਦੇ ਇਸ ਯਤਨ ਨੇ ਦੇਸ਼ ਦੇ ਕਿਸਾਨਾਂ ਅਤੇ ਕਿਸਾਨ-ਔਰਤਾਂ ਲਈ ਸ਼ਹਿਦ ਮੱਖੀ ਪਾਲਣ ਨੂੰ ਕਿੱਤੇ ਵਜੋਂ ਸਥਾਪਿਤ ਕਰਨ ਅਤੇ ਭਾਰਤ ਨੂੰ ਸ਼ਹਿਦ ਦਾ ਇੱਕ ਵੱਡਾ ਨਿਰਯਾਤਕ ਬਣਨ ਵਿੱਚ ਯੋਗਦਾਨ ਪਾਇਆ ਹੈ। ਵਾਈਸ ਚਾਂਸਲਰ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਅਤੇ ਹੋਰ ਸ਼੍ਰੇਣੀਆਂ ਨੂੰ ਸ਼ਹਿਦ ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਦੇਣ ਅਤੇ ਰਾਜ ਦੇ ਅਗਾਂਹਵਧੂ ਮਧੂ ਮੱਖੀ ਪਾਲਕਾਂ ਨੂੰ ਅਗਾਊਂ ਸਿਖਲਾਈ ਦੇਣ ਤੋਂ ਇਲਾਵਾ ਖੇਤੀ ਵਿਕਾਸ ਅਧਿਕਾਰੀ, ਬਾਗਬਾਨੀ ਵਿਕਾਸ ਅਧਿਕਾਰੀ ਅਤੇ ਹੋਰ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਲਈ ਮਹੱਤਵਪੂਰਨ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਮੌਜੂਦਾ ਸਮੇਂ ਭਾਰਤ ਦੇ 14.1% ਮਧੂ ਮੱਖੀ ਸ਼ਹਿਦ ਪੈਦਾ ਕਰਨ ਵਿੱਚ ਦੇਸ਼ ਦੇ 2% ਤੋਂ ਘੱਟ ਭੂਗੋਲਿਕ ਖੇਤਰ ਵਾਲਾ ਰਾਜ ਬਣਨ ਵਿੱਚ ਪੀ ਏ ਯੂ ਦਾ ਅਹਿਮ ਯੋਗਦਾਨ ਹੈ।
ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਸਹਾਇਕ ਕਿੱਤਿਆਂ ਵਿਚ ਸ਼ਹਿਦ ਮੱਖੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸਬਜ਼ੀਆਂ ਦੀਆਂ ਫ਼ਸਲਾਂ ਵਿੱਚ ਵੱਧ ਬੀਜ ਪ੍ਰਾਪਤ ਕਰਨ ਲਈ ਸ਼ਹਿਦ ਦੀਆਂ ਮੱਖੀਆਂ ਦੀ ਵਰਤੋਂ ਬਾਰੇ ਵੀ ਦੱਸਿਆ। ਕੀਟ-ਵਿਗਿਆਨ ਵਿਭਾਗ ਦੇ ਮੁਖੀ ਡਾ: ਮਨਮੀਤ ਬਰਾੜ ਭੁੱਲਰ ਨੇ ਵਿਭਾਗ ਦੀ ਐਪੀਕਲਚਰ ਯੂਨਿਟ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਡਾ: ਭੁੱਲਰ ਅਨੁਸਾਰ ਇਸ ਯੂਨਿਟ ਦਾ ਇਸ ਸਹਾਇਕ ਕਿੱਤੇ ਨੂੰ ਪ੍ਰਫੁੱਲਤ ਕਰਨ ਵਿਚ ਵੱਡਾ ਯੋਗਦਾਨ ਰਿਹਾ ਹੈ।
ਵਿਸਤ੍ਰਿਤ ਵਿਚਾਰ ਵਟਾਂਦਰੇ ਤੋਂ ਬਾਅਦ, ਟੀਮ ਨੇ ਪੀਏਯੂ ਦੀਆਂ ਮੱਖੀਆਂ ਅਤੇ ਮੱਖੀਆਂ ਪਾਲਣ ਦੀਆਂ ਪ੍ਰਯੋਗਸ਼ਾਲਾਵਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਪੋਸਟ ਗ੍ਰੇਜੂਏਟ ਵਿਦਿਆਰਥੀਆਂ ਅਤੇ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ ਗਈ। ਟੀਮ ਨੇ ਕੀਟ ਵਿਗਿਆਨ ਵਿਭਾਗ ਵਿੱਚ ਰਾਸ਼ਟਰੀ ਕੀਟ ਅਜਾਇਬ ਘਰ, ਐਪੀਕਲਚਰਲ ਮੋਲੀਕਿਊਲਰ ਬਾਇਓਲੋਜੀ ਲੈਬ ਅਤੇ ਕੀਟਨਾਸ਼ਕ ਰਹਿੰਦ-ਖੂੰਹਦ ਲੈਬ ਦਾ ਦੌਰਾ ਵੀ ਕੀਤਾ।