ਲੁਧਿਆਣਾ 27 ਅਗਸਤ 2024- ਪੀਏਯੂ ਵਲੋਂ ਵਿਕਸਿਤ ਜਵੀ ਦੀ ਹਾਈਬ੍ਰਿਡ ਕਿਸਮ ਓ ਐੱਲ-16 ਦੇ ਵਪਾਰੀਕਰਨ ਲਈ ਆਂਧਰਾ ਪ੍ਰਦੇਸ਼ ਸਥਿਤ ਗੋਰਮੇਟ ਪੌਪਕਾਰਨਿਕਾ ਐਲਐਲਪੀ ਨਾਲ ਸਮਝੌਤੇ ਉੱਪਰ ਸਹੀ ਪਾਈ ਗਈ । ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ, ਅਤੇ ਗੋਰਮੇਟ ਪੌਪਕਾਰਨਿਕਾ ਐਲਐਲਪੀ ਦੇ ਸ਼੍ਰੀ ਰਾਕੇਸ਼ ਅਰੋੜਾ ਨੇ ਆਪੋ-ਆਪਣੇ ਅਦਾਰਿਆਂ ਵਲੋਂ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਕੀਤੇ। ਇਸ ਮੌਕੇ ਡਾ. ਗੁਰਜੀਤ ਸਿੰਘ ਮਾਂਗਟ, ਵਧੀਕ ਨਿਰਦੇਸ਼ਕ ਖੋਜ ਅਤੇ ਸ੍ਰੀ ਰਮੇਸ਼ ਚੌਧਰੀ, ਗੋਰਮੇਟ ਪੌਪਕਾਰਨਿਕਾ ਦੇ ਮੀਤ ਪ੍ਰਧਾਨ ਵੀ ਹਾਜ਼ਰ ਸਨ।
ਡਾ.ਰਾਹੁਲ ਕਪੂਰ, ਸੀਨੀਅਰ ਚਾਰਾ ਬਰੀਡਰ ਨੇ ਇਸ ਮੌਕੇ ਦੱਸਿਆ ਕਿ 2022 ਦੌਰਾਨ ਪੰਜਾਬ ਦੇ ਸੇਂਜੂ ਖੇਤਰਾਂ ਲਈ ਵਿਕਸਤ ਅਤੇ ਜਾਰੀ ਕੀਤੀ ਗਈ ਜਵੀ ਦੀ ਦੋਗਲੀ ਕਿਸਮ ਹੈ। ਇਸ ਦੇ ਪੌਦੇ ਦਰਮਿਆਨੇ ਲੰਬੇ ਪੱਤਿਆਂ ਵਾਲੇ ਅਤੇ ਜਾੜੇ ਭਰਪੂਰ ਅਤੇ ਵਧੇਰੇ ਪੱਤੇਦਾਰ ਹੁੰਦੇ ਹਨ। ਇਸ ਵਿੱਚ ਚਾਰਾ, ਅਨਾਜ ਅਤੇ ਆਟੇ ਦੀ ਗੁਣਵੱਤਾ ਵੀ ਚੰਗੀ ਹੈ। ਚਾਰੇ ਲਈ ਇਸ ਦੀ ਪਹਿਲੀ ਕਟਾਈ ਬਿਜਾਈ ਤੋਂ 65-70 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਅਤੇ ਔਸਤਨ 90.0 ਕੁਇੰਟਲ ਹਰੇ ਚਾਰੇ ਦਾ ਪ੍ਰਤੀ ਏਕੜ ਝਾੜ ਮਿਲਦਾ ਹੈ। ਇਸਦੀ ਮੋਢੀ ਫ਼ਸਲ, ਪੱਕਣ ‘ਤੇ ਔਸਤਨ 7.6 ਕੁਇੰਟਲ ਪ੍ਰਤੀ ਏਕੜ ਅਨਾਜ ਦਾ ਝਾੜ ਦਿੰਦੀ ਹੈ।
ਡਾ.ਵੀ.ਐਸ.ਸੋਹੂ, ਮੁਖੀ, ਪਲਾਂਟ ਬਰੀਡਿੰਗ ਵਿਭਾਗ ਨੇ ਪੀਏਯੂ ਦੁਆਰਾ ਵਿਕਸਤ ਕਿਸਮਾਂ ਦੇ ਪ੍ਰਸਾਰ ਦੀ ਜ਼ਿੰਮੇਵਾਰੀ ਸਾਂਝੀ ਕਰਨ ਲਈ ਵਿਗਿਆਨੀਆਂ ਅਤੇ ਫਰਮ ਨੂੰ ਵਧਾਈ ਦਿੱਤੀ।
ਡਾ. ਖੁਸ਼ਦੀਪ ਧਾਰਨੀ, ਐਸੋਸੀਏਟ ਡਾਇਰੈਕਟਰ, ਟੈਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਨੇ ਦੱਸਿਆ ਕਿ ਪੀਏਯੂ ਲੁਧਿਆਣਾ ਵਪਾਰੀਕਰਨ ਦੀ ਪ੍ਰਕਿਰਿਆ ਰਾਹੀਂ ਲੋਕਾਂ ਤੱਕ ਆਪਣੀਆਂ ਕਿਸਮਾਂ ਅਤੇ ਤਕਨਾਲੋਜੀਆਂ ਦੀ ਪਹੁੰਚ ਨੂੰ ਯਕੀਨੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤ ਜਵੀ ਦੀਆਂ ਕਿਸਮਾਂ ਮੰਡੀਆਂ ਵਿੱਚ ਮਕਬੂਲ ਹੋ ਰਹੀਆਂ ਹਨ।