ਨਵੀਂ ਦਿੱਲੀ, 9 ਅਕਤੂਬਰ – ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਉਨ੍ਹਾਂ ਦੀ ਜਨਵਰੀ ਵਿੱਚ ਰਿਲੀਜ਼ ਹੋਈ ਪਹਿਲੀ ਫਿਲਮ ਪਠਾਨ ਨੇ ਬਾਕਸ ਆਫਿਸ ਤੇ ਹਲਚਲ ਮਚਾ ਦਿੱਤੀ ਸੀ। ਇਸ ਫਿਲਮ ਤੋਂ ਬਾਅਦ 7 ਸਤੰਬਰ ਨੂੰ ਸ਼ਾਹਰੁਖ ਖਾਨ ਇਕ ਵਾਰ ਫਿਰ ਜਵਾਨ ਨਾਲ ਸਿਨੇਮਾਘਰਾਂ ਵਿੱਚ ਵਾਪਸ ਆਏ ਅਤੇ ਉਨ੍ਹਾਂ ਦੀ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ।
ਜਵਾਨ ਬਾਕਸ ਆਫਿਸ ਤੇ ਵੀ ਚੰਗਾ ਕਾਰੋਬਾਰ ਕਰ ਰਹੀ ਹੈ। ਹਾਲਾਂਕਿ ਇਸ ਦੌਰਾਨ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਲੈ ਕੇ ਇਕ ਖਬਰ ਆਈ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਸ਼ਾਹਰੁਖ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਨਿਊਜ਼ ਏਜੰਸੀ ਏਐਨਆਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੇ ਸ਼ਾਹਰੁਖ ਖਾਨ ਨੂੰ ਦਿੱਤੀ ਗਈ ਸੁਰੱਖਿਆ ਤੇ ਮਹਾਰਾਸ਼ਟਰ ਪੁਲੀਸ ਦਾ ਬਿਆਨ ਸਾਂਝਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਸ਼ਾਹਰੁਖ ਖਾਨ ਨੂੰ ਕਥਿਤ ਤੌਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਵਾਈ ਪਲੱਸ ਸੁਰੱਖਿਆ ਦੇ ਕੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸ਼ਾਹਰੁਖ ਖਾਨ ਨੇ ਸੂਬਾ ਸਰਕਾਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਪਠਾਨ ਤੇ ਜਵਾਨ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਫੋਨ ਆ ਰਹੇ ਹਨ।