ਰੂਪਨਗਰ, 6 ਅਗਸਤ: ਅਗਾਮੀ ਐਸਜੀਪੀਸੀ ਚੋਣ ਵਿੱਚ ਗੁਰਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਐਸ.ਡੀ.ਐਮ. ਰੂਪਨਗਰ ਸ਼੍ਰੀ ਨਵਦੀਪ ਕੁਮਾਰ ਨੇ ਵੋਟਾਂ ਬਣਾਉਣ ਲਈ ਟੀਮਾਂ ਨਾਲ ਡੋਰ ਟੂ ਡੋਰ ਮੁਹਿੰਮ ਚਲਾਈ ਹੈ।
ਐਸ.ਡੀ.ਐਮ. ਰੂਪਨਗਰ ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਰਿਵਾਈਜਡ ਸ਼ਡਿਊਲ ਅਨੁਸਾਰ ਫਾਰਮ ਪ੍ਰਾਪਤ ਕਰਨ ਦੀ ਆਖਿਰੀ ਮਿਤੀ ਵਿੱਚ ਵਾਧਾ ਕਰਕੇ 16 ਸਤੰਬਰ 2024 ਤੱਕ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਯੋਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਦੇ ਹੋਏ ਉਹ ਖੁਦ ਡੋਰ ਟੁ ਡੋਰ ਜਾ ਕੇ ਯੋਗ ਵੋਟਰਾਂ ਨੂੰ ਵੋਟ ਬਣਾਉਣ ਲਈ ਅਪੀਲ ਕਰ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਦੇ ਲਈ ਪਿੰਡ ਪੱਧਰ ਤੇ ਵੀ ਬੀ.ਐਲ.ਓਜ਼., ਪਟਵਾਰੀਆਂ, ਪੰਚਾਇਤ ਸਕੱਤਰਾਂ, ਆਂਗਨਵਾਂੜੀ ਵਰਕਰਾਂ ਵੀ ਫ਼ੀਲਡ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰਦੇ ਹੋਏ ਯੋਗ ਵੋਟਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਅਪੀਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹਰੇਕ 21 ਸਾਲ ਤੋਂ ਵੱਧ ਉਮਰ ਦਾ ਕੇਸਾਧਾਰੀ ਸਿੱਖ ਜੋ ਆਪਣੇ ਦਾੜ੍ਹੀ ਜਾਂ ਕੇਸਾਂ ਨੂੰ ਨਾ ਕੱਟਦਾ ਹੋਵੇ ਜਾਂ ਸੇਵ ਨਾ ਕਰਦਾ ਹੋਵੇ ਅਤੇ ਸਿਗਰਟ, ਸ਼ਰਾਬ ਨਾ ਪੀਂਦਾ ਹੋਵੇ ਅਤੇ ਮਾਸ ਦਾ ਸੇਵਨ ਨਾ ਕਰਦਾ ਹੋਵੇ, ਜਿੱਥੇ ਉਹ ਰਹਿੰਦਾ ਹੈ, ਸਿੱਖ ਸਬੰਧਤ ਗੁਰਦੁਆਰਾ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ: 1 (ਕੇਸਾਧਾਰੀ ਸਿੱਖ ਲਈ) ਭਰ ਕੇ ਪਿੰਡ/ਸ਼ਹਿਰਾਂ ਵਿੱਚ ਪਟਵਾਰੀਆਂ, ਬੀ.ਐੱਲ.ਓਜ਼., ਡੈਜ਼ੀਗਨੇਟਿਡ ਕਰਮਚਾਰੀਆਂ ਨੂੰ ਦੇ ਸਕਦਾ ਹੈ। ਵੋਟ ਬਣਾਉਣ ਵਾਲੇ ਵਿਅਕਤੀ ਦੀ ਆਸਥਾ ਸਿੱਖ ਧਰਮ ਵਿੱਚ ਹੋਣੀ ਚਾਹੀਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੀ ਵੋਟ ਬਣਾ ਸਕਦਾ ਹੈ।
ਉਨ੍ਹਾਂ ਕੇਸਾਧਾਰੀ ਸਿੱਖ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਾਰਮ ਭਰਨ ਸਮੇਂ ਕੁਝ ਜ਼ਰੂਰੀ ਹਦਾਇਤਾਂ ਦਾ ਖਾਸ ਧਿਆਨ ਰੱਖਣ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਸਮੇਂ ਜਰੂਰੀ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਜਾਵੇ। ਬਿਨੈਕਾਰ ਆਪਣੀ ਤਾਜ਼ਾ ਸਵੈ-ਤਸਦੀਕਸ਼ੁਦਾ ਫੋਟੋ ਨਾਲ ਨੱਥੀ ਕਰੇਗਾ, ਫਾਰਮ ਨੰਬਰ 1 ਵਿੱਚ ਦਰਜ਼ ਸਵੈ ਘੋਸ਼ਣਾ ਭਰਨੀ ਲਾਜ਼ਮੀ ਹੈ ਅਤੇ ਆਧਾਰ ਕਾਰਡ, ਈ.ਸੀ.ਆਈ. ਵੱਲੋਂ ਜਾਰੀ ਵੋਟਰ ਆਈ.ਡੀ. ਕਾਰਡ (ਫੋਟੋ ਵਾਲਾ), ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੰਸ, ਕਰਮਚਾਰੀਆਂ ਨੂੰ ਜਾਰੀ ਸਰਵਿਸ ਆਈ.ਡੀ. ਕਾਰਡ ਫੋਟੋ ਸਮੇਤ ਜਿਸਨੂੰ ਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀ ਵੱਲੋਂ ਜਾਰੀ ਕੀਤਾ ਹੋਵੇ, ਬੈਂਕ/ਡਾਕਖਾਨੇ ਵੱਲੋਂ ਜਾਰੀ ਪਾਸਬੁੱਕ ਫੋਟੋ ਸਮੇਤ, ਪੈਨ ਕਾਰਡ, ਐਨ.ਪੀ.ਆਰ. ਅਧੀਨ ਆਰ.ਜੀ.ਆਈ. ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਮਿਨੀਸਟਰੀ ਆਫ਼ ਲੇਬਰ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਸਰਕਾਰੀ ਪੈਨਸ਼ਨ ਦਸਤਾਵੇਜ਼ ਸਮੇਤ ਫੋਟੋ, ਐਮ.ਪੀਜ਼, ਐਮ.ਐਲ.ਏਜ਼ ਅਤੇ ਐਮ.ਐਲ.ਸੀਜ਼ ਨੂੰ ਜਾਰੀ ਦਫ਼ਤਰੀ ਸ਼ਨਾਖ਼ਤੀ ਕਾਰਡ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਨਾਲ ਨੱਥੀ ਕਰੇਗਾ।