ਔਕਲੈਂਡ, 04 ਜਨਵਰੀ, 2024:-ਨਿਊਜ਼ੀਲੈਂਡ ਦੇ ਵਿਚ ਸਿੱਖੀ ਪ੍ਰਚਾਰ ਦੇ ਲਈ ਬਹੁਤ ਸਾਰੀਆਂ ਧਾਰਮਿਕ ਸਖਸ਼ੀਅਤਾਂ, ਕੀਰਤਨੀ ਜੱਥੇ, ਕਥਾ-ਵਾਚਕ, ਢਾਡੀ ਜੱਥੇ ਅਤੇ ਹੋਰ ਵਿਦਵਾਨ ਸਾਰਾ ਸਾਲ ਪਹੁੰਚਦੇ ਰਹਿੰਦੇ ਹਨ। ਸਾਲ 2024 ਦੀ ਸ਼ੁਰੂਆਤ ਜਿੱਥੇ ਨਿਊਜ਼ੀਲੈਂਡ ਦੇਸ਼ ਨੇ ਆਤਿਸ਼ਬਾਜ਼ੀ ਤੇ ਪਟਾਖ਼ਿਆਂ ਨਾਲ ਕੀਤੀ, ਉਥੇ ਗੁਰਦੁਆਰਾ ਸਾਹਿਬਾਨਾਂ ਅੰਦਰ ਰੈਣ ਸਬਾਈ ਕੀਰਤਨ ਅਤੇ ਕੀਰਤਨ ਦਰਬਾਰ ਕਰਕੇ ਇਸਦੀ ਆਰੰਭਤਾ ਗੁਰਬਾਣੀ ਗਾਇਨ ਕਰਕੇ ਕੀਤੀ ਗਈ। ਸਾਰਾ ਸਾਲ ਗੁਰਪੁਰਬ ਅਤੇ ਹੋਰ ਸਮਾਗਮ ਇਥੇ ਜਾਰੀ ਰਹਿੰਦੇ ਹਨ। ਇਸੇ ਲੜੀ ਤਹਿਤ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 357ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਇਸ ਵਾਰ ਨੌਂਵਾਂ ਸਾਲਾਨਾ ਨਗਰ ਕੀਰਤਨ ਐਤਵਾਰ 14 ਜਨਵਰੀ ਨੂੰ ਸਵੇਰੇ 11 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 12 ਜਨਵਰੀ ਤੋਂ ਸ਼ੁਰੂ ਹੋ ਜਾਣੀ ਹੈ। ਨਗਰ ਕੀਰਤਨ ਸਬੰਧੀ ਜਿੱਥੇ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਉਥੇ ਸਮੂਹ ਸੰਗਤ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਨਗਰ ਕੀਰਤਨ ਦੇ ਵਿਚ ਸ਼ਾਮਲ ਹੋਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਵਿਸ਼ੇਸ਼ ਤੌਰ ਉਤੇ ਪਹੁੰਚ ਰਹੇ ਹਨ। ਸਿੱਖੀ ਪ੍ਰਚਾਰ ਦੇ ਵਿਚ ਉਨ੍ਹਾਂ ਦੇ ਇਥੇ ਪੁੱਜਣ ਨਾਲ ਸੰਗਤਾਂ ਨੂੰ ਵੱਡਾ ਉਤਸ਼ਾਹ ਮਿਲੇਗਾ। ਉਨ੍ਹਾਂ ਦਾ ਪਹਿਲਾ ਕਥਾ ਦੀਵਾਨ ਐਤਵਾਰ 7 ਜਨਵਰੀ ਨੂੰ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਸਜੇਗਾ। ਇਸ ਤੋਂ ਇਲਾਵਾ ਸਮੇਂ ਦੇ ਹਿਸਾਬ ਨਾਲ ਉਹ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਵੀ ਹਾਜ਼ਰੀ ਭਰਨਗੇ। ਉਨ੍ਹਾਂ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਅਤੇ ਓ. ਐਸ. ਡੀ. ਸਿੰਘ ਸਾਹਿਬ ਵੀ ਸੰਗਤਾਂ ਦੇ ਦਰਸ਼ਨ ਕਰਨ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਬਾਬਾ ਜਰਨੈਲ ਸਿੰਘ ਕਾਰਸੇਵਾ ਵਾਲੇ ਵੀ ਸੰਗਤਾਂ ਦੇ ਦਰਸ਼ਨ ਕਰਨ ਪਹੁੰਚਣਗੇ।
ਸੰਖੇਪ ਜੀਵਨ ਗਿਆਨੀ ਸੁਲਤਾਨ ਸਿੰਘ: ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਰਾਂ ਦਾ ਜੱਦੀ ਪਿੰਡ ਗੁਰੂਵਾਲੀ ਜ਼ਿਲ੍ਹਾ ਅੰਮ੍ਰਿਤਸਰ ਹੈ, ਉਂਝ ਉਨ੍ਹਾਂ ਦਾ ਜਨਮ (1982) ਪਿੰਡ ਅਰਨੇਠਾ ਜ਼ਿਲ੍ਹਾ ਕੋਟਾ (ਰਾਜਸਥਾਨ) ਦੇ ਵਿਚ ਹੋਇਆ ਸੀ। ਇਨ੍ਹਾਂ ਦਾ ਪਰਿਵਾਰ (ਪਿਤਾ ਰਤਨ ਸਿੰਘ ਅਤੇ ਮਾਤਾ ਗੁਰਮੀਤ ਕੌਰ) ਰਾਜਸਥਾਨ ਵਿਖੇ ਰਹਿੰਦੇ ਸਨ ਤੇ ਕਾਰੋਬਾਰ ਕਰਦੇ ਸਨ। 1984 ਤੋਂ ਬਾਅਦ ਉਹ ਵਾਪਸ ਆਪਣੇ ਪਿੰਡ ਗੁਰੂਵਾਲੀ ਆ ਗਏ। ਜਵਾਨ ਉਮਰੇ ਹੀ ਉਨ੍ਹਾਂ ਗੁਰਬਾਣੀ ਸੰਥਿਆ ਲੈ ਕੇ ਪਹਿਲਾਂ ਆਪਣੇ ਪਿੰਡਾਂ ਵੱਲ ਅਖੰਠ ਪਾਠੀ ਬਣੇ, 2007 ਦੇ ਵਿਚ ਸ੍ਰੀ ਦਰਬਾਰ ਸਾਹਿਬ ਅਖੰਠ ਪਾਠੀ ਬਣੇ, ਨੂਰਪੁਰ ਬੇਦੀ ਵਿਖੇ ਗੁਰਦੁਆਰਾ ਬਾਣਗੜ੍ਹ ਸਾਹਿਬ ਵਿਖੇ ਗ੍ਰੰਥੀ ਸਿੰਘ ਬਣੇ ਤੇ ਉਨ੍ਹਾਂ ਦਾ ਹੈਡ ਕੁਆਰਟਰ ਸ੍ਰੀ ਅਨੰਦਪੁਰ ਸਾਹਿਬ ਬਣਿਆ। 9 ਮਹੀਨੇ ਇਥੇ ਸੇਵਾ ਕਰਨ ਉਪਰੰਤ ਉਹ ਸ੍ਰੀ ਅੰਮ੍ਰਿਤਸਰ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਅੰਦਰ ਸੇਵਾ ਨਿਭਾਉਣ ਲੱਗੇ, ਇਸ ਦੌਰਾਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵਿਚ ਡਿਊਟੀ ਕਰਦੇ ਰਹੇ। ਅਪ੍ਰੈਲ 2014 ਦੇ ਵਿਚ ਉਨ੍ਹਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸੀਏ ਦੀ ਸੇਵਾ ਮਿਲੀ ਤੇ ਫਿਰ ਮੁੱਖ ਅਰਦਾਸੀਏ ਬਣ ਕੇ 4 ਸਾਲ ਮੁੱਖ ਅਰਦਾਸੀਏ ਦੀ ਸੇਵਾ ਕਰਦੇ ਰਹੇ। 2021 ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਿੰਘ ਸਾਹਿਬ ਗ੍ਰੰਥੀ ਸਿੰਘ ਦੀ ਸੇਵਾ ਸਮੇਂ-ਸਮੇਂ ਸਿਰ ਅਜੇ ਵੀ ਨਿਭਾਅ ਰਹੇ ਹਨ। 16 ਜੂਨ 2023 ਤੋਂ ਗਿਆਨੀ ਸੁਲਤਾਨ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਅ ਰਹੇ ਹਨ ਅਤੇ ਨਿਊਜ਼ੀਲੈਂਡ ਪਹਿਲੀ ਵਾਰ ਆ ਰਹੇ ਹਨ।