ਜਗਰਾਉਂ , 22 ਜੁਲਾਈ 2024- ਸਥਾਨਕ ਸੁਭਾਸ਼ ਗੇਟ ਤੋਂ ਡਿਸਪੋਲ ਰੋਡ ਨੂੰ ਜੋੜਨ ਵਾਲਾ ਲਿੰਕ ਰਸਤਾ ਜੋ ਕਿ ਸੈਂਟਰਲ ਬੈਂਕ ਆਫ ਇੰਡੀਆ ਦੇ ਅੱਗੋਂ ਦੁਕਾਨਦਾਰਾਂ ਵੱਲੋਂ ਨਜਾਇਜ਼ ਤੌਰ ਤੇ ਸੀਮੰਟ ਦੇ ਖੇਤਾਂ ਵਿੱਚ ਲਗਾਏ ਜਾਣ ਵਾਲੇ ਬਾਲਿਆਂ ਨਾਲ ਬੰਦ ਕਰ ਦਿੱਤਾ ਅਤੇ ਉਸ ਉੱਪਰ ਕੂੜਾ ਸੁੱਟਣ ਵਾਲਿਆਂ ਨੂੰ ਹਦਾਇਤਾਂ ਦੇਣ ਵਾਲੀਆਂ ਫਲੈਕਸੀਆਂ ਇਸ ਤਰੀਕੇ ਨਾਲ ਲਗਾ ਦਿੱਤੀਆਂ ਕਿ ਇਸ ਰਸਤੇ ਤੋਂ ਪੈਦਲ ਲੰਘਣ ਵਾਲਾ ਵੀ ਔਖਾ ਹੋ ਗਿਆ। ਦੱਸ ਦਈਏ ਕਿ ਇਸ ਰਸਤੇ ਰਾਹੀਂ ਸ਼ਹਿਰ ਅਤੇ ਪੁਰਾਣੀ ਦਾਣਾ ਮੰਡੀ ਨੂੰ ਜੋੜਨ ਵਾਸਤੇ ਡਿਸਪੋਜਲ ਰੋਡ ਤੱਕ ਜਾਣ ਲਈ ਲੋਕਾਂ ਦੇ ਆਵਾਜਾਈ ਲਈ ਵਧੀਆ ਸਹੂਲਤ ਮਿਲੀ ਹੋਈ ਸੀ। ਪਰ ਪਹਿਲਾਂ ਦੁਕਾਨਦਾਰਾਂ ਵੱਲੋਂ ਹੀ ਇਸ ਜਗ੍ਹਾ ਤੇ ਕੂੜੇ ਦੇ ਢੇਰ ਲਗਾਏ ਗਏ ਅਤੇ ਦੋਸ਼ ਨਗਰ ਕੌਂਸਲ ਦੇ ਸਫਾਈ ਸੇਵਕਾਂ ਸਿਰ ਮੜ ਦਿੱਤਾ ਗਿਆ।
ਕੀ ਕਹਿਣਾ ਹੈ ਉਪ ਮੰਡਲ ਮਜਿਸਟਰੇਟ ਦਾ
ਰਸਤੇ ਨੂੰ ਬੰਦ ਕਰਨ ਬਾਰੇ ਅਤੇ ਫਲੈਕਸੀ ਉੱਪਰ ਉਪ ਮੰਡਲ ਮਜਿਸਟਰੇਟ ਦਾ ਹੁਕਮ ਲਿਖਿਆ ਹੋਣ ਬਾਰੇ ਜਦੋਂ ਜਗਰਾਉਂ ਦੇ ਉਪ ਮੰਡਲ ਮਜਿਸਟਰੇਟ ਗੁਰਬੀਰ ਸਿੰਘ ਕੋਹਲੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਅਜਿਹੇ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ ਹਨ ਅਤੇ ਨਾ ਹੀ ਮੈਂ ਨਗਰ ਕੌਂਸਲ ਦਾ ਪ੍ਰਸ਼ਾਸਕ ਹਾਂ। ਇਸ ਬਾਰੇ ਜੋ ਕੁਝ ਹੁਕਮ ਜਾਰੀ ਕਰਨੇ ਹੁੰਦੇ ਹਨ ਉਹ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਹੀ ਕੀਤੇ ਜਾਂਦੇ ਹਨ ਅਤੇ ਮੈਂ ਨਗਰ ਕੌਂਸਲ ਕੋਲੋਂ ਇਸ ਗੱਲ ਦੀ ਜਵਾਬਦੇਹੀ ਲਵਾਂਗਾ ਕਿ ਮੇਰਾ ਨਾਮ ਕਿਸ ਅਧਿਕਾਰ ਨਾਲ ਲਿਖਿਆ ਗਿਆ ਹੈ।
ਕੀ ਕਹਿਣਾ ਹੈ ਸੈਨਿਟਰੀ ਇੰਸਪੈਕਟਰ ਦਾ
ਰਸਤੇ ਨੂੰ ਨਜਾਇਜ਼ ਤੌਰ ਤੇ ਬੰਦ ਕਰਨ ਅਤੇ ਫਲੈਕਸੀਆਂ ਲਾਉਣ ਬਾਰੇ ਜਦੋਂ ਨਗਰ ਕੌਂਸਲ ਜਗਰਾਉਂ ਦੇ ਸੈਂਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਭੱਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਰਸਤੇ ਉੱਪਰ ਸੀਮੰਟ ਦੇ ਬਾਲੇ ਅਤੇ ਫਲੈਕਸੀਆਂ ਉਹਨਾਂ ਨੇ ਹੀ ਲਗਵਾਈਆਂ ਹਨ ਅਤੇ ਆਪਣਾ ਮੋਬਾਇਲ ਨੰਬਰ ਵੀ ਮਰਜ਼ੀ ਨਾਲ ਲਿਖਵਾਇਆ ਹੈ। ਜਦੋਂ ਸ਼ਿਆਮ ਕੁਮਾਰ ਨੂੰ ਸੀਮੈਂਟ ਦੇ ਬਾਲੇ ਅਤੇ ਫਲੈਕਸੀਆਂ ਉੱਪਰ ਉਪ ਮੰਡਲ ਮਜਿਸਟਰੇਟ ਦੇ ਹੁਕਮ ਲਿਖੇ ਜਾਣ ਅਤੇ ਕੀਤੇ ਗਏ ਖਰਚੇ ਬਾਰੇ ਪੁੱਛਿਆ ਗਿਆ ਕਿ ਕੀ ਇਹ ਖਰਚਾ ਨਗਰ ਕੌਂਸਲ ਵੱਲੋਂ ਮਨਜ਼ੂਰ ਕਰਵਾ ਕੇ ਕੀਤਾ ਗਿਆ ਹੈ ਤਾਂ ਉਹ ਇਸ ਬਾਬਤ ਕੋਈ ਵੀ ਢੁਕਵਾਂ ਜਵਾਬ ਨਹੀਂ ਦੇ ਸਕੇ।