ਮਾਨਸਾ, 11 ਜੁਲਾਈ 2024- ਸਿਵਲ ਸਰਜਨ ਡਾ. ਹਰਦੇਵ ਸਿੰਘ ਦੀ ਅਗਵਾਈ ਹੇਠ ਮਾਸ ਮੀਡੀਆ ਵਿੰਗ ਵੱਲੋਂ ਜੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਵਿਸ਼ਵ ਆਬਾਦੀ ਦਿਵਸ ’ਤੇ ਮਨਾਏ ਜਾ ਰਹੇ ਪੰਦਰਵਾੜੇ ਦੇ ਤਹਿਤ ਲੋਕਾਂ ਨੂੰ ਵਧਦੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਲਗਾਤਾਰ ਵਧ ਰਹੀ ਆਬਾਦੀ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ’ਤੇ ਕਾਬੂ ਪਾਉਣ ਲਈ ਜਿੱਥੇ ਸਰਕਾਰ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੀ ਹੈ, ਉਥੇ ਇਸ ਕਾਰਜ ਵਿੱਚ ਚੰਗੀ ਸਫ਼ਲਤਾ ਪ੍ਰਾਪਤ ਕਰਨ ਲਈ ਸਾਂਝੇ ਸਮਾਜਿਕ ਯਤਨਾਂ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਆਬਾਦੀ ਵਧਣ ਦੇ ਕਈ ਕਾਰਨਾ ਵਿੱਚੋ ਇੱਕ ਕਾਰਨ ਲੜਕੀ ਦੀ ਬਜਾਏ ਲੜਕੇ ਦੇ ਜਨਮ ਦੀ ਲਾਲਸਾ ਵੀ ਹੈ, ਪ੍ਰੰਤੂ ਮੌਜੂਦਾ ਸਮੇਂ ਵਿੱਚ ਅਜਿਹਾ ਕੋਈ ਖੇਤਰ ਨਹੀਂ ਜਿੱਥੇ ਲੜਕੀਆਂ ਨੇ ਮੱਲਾਂ ਨਹੀਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਪਰਿਵਾਰ ਲਈ ਲਾਜ਼ਮੀ ਹੈ ਕਿ ਦੋ ਬੱਚਿਆਂ ਦੇ ਜਨਮ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਫਰਕ ਰੱਖਿਆ ਜਾਵੇ ਅਤੇ ਵਿਆਹ ਸਹੀ ਉਮਰ ਵਿੱਚ ਹੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਧਦੀ ਆਬਾਦੀ ਕਾਰਨ ਲੋਕਾਂ ਦੀ ਵੱਡੀ ਗਿਣਤੀ ਬੁਨਿਆਦੀ ਲੋੜਾਂ ਤੋਂ ਵਾਂਝੀ ਰਹਿ ਜਾਂਦੀ ਹੈ।