ਰੂਪਨਗਰ 11 ਜੁਲਾਈ 2024: ਕੇਂਦਰੀ ਵਿਦਿਆਲਿਆ ਖਾਨਪੁਰ ਰੋਪੜ ਵਿੱਚ ਐਸ.ਐਸ.ਪੀ ਜ਼ਿਲ੍ਹਾ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੇਂਦਰੀ ਵਿਦਿਆਲਿਆ ਖਾਨਪੁਰ ਦੀ ਪ੍ਰਿੰਸੀਪਲ ਸ਼੍ਰੀਮਤੀ ਵੀਭਾ ਰਾਣੀ ਦੇ ਮਾਰਗਦਰਸ਼ਨ ਵਿੱਚ ਏਐਸ.ਆਈ ਸੁਖਦੇਵ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਰੋਪੜ ਨੇ ਬੱਚਿਆਂ ਨੂੰ ਸੜਕੀ ਨਿਯਮਾਂ ਦੇ ਬਾਰੇ ਜਾਗਰੂਕ ਕੀਤਾ। ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਸੁਖਦੇਵ ਸਿੰਘ ਨੇ ਬੱਚਿਆਂ ਨੂੰ ਆਪਣੇ ਭਾਸ਼ਣ ਵਿੱਚ ਸੜਕ ਸੁਰੱਖਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਕਿਹਾ ਕਿ ਜਦੋਂ ਅਸੀਂ ਪੈਦਲ ਚਲਦੇ ਹਾਂ, ਸਾਈਕਲ ਚਲਾਉਦੇ ਹਾਂ ਜਾਂ ਕੋਈ ਵਾਹਨ ਚਲਾਉਂਦੇ ਹਾਂ ਤਾਂ ਅਸੀਂ ਆਵਾਜਾਈ ਦਾ ਹਿੱਸਾ ਬਣਦੇ ਹਾਂ। ਸਾਨੂੰ ਸਾਰਿਆਂ ਨੂੰ ਆਵਾਜਾਈ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਸਾਨੂੰ ਸੜਕ ਤੇ ਚਲਦੇ ਸਮੇਂ ਅਪਣੀ ਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਕਾਰ ਚ ਕੇਵਲ ਡਰਾਈਵਰ ਨੂੰ ਹੀ ਨਹੀਂ ਬਲਕਿ ਸਾਰਿਆਂ ਨੂੰ ਸੀਟ ਬੈਲਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਓਵਰ ਸਪੀਡ ਨਹੀਂ ਚਲਣਾ ਚਾਹੀਦਾ, ਸਾਨੂੰ ਹਮੇਸ਼ਾ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਸਾਨੂੰ ਹਮੇਸ਼ਾ ਲਾਲ ਬੱਤੀ ਉਤੇ ਰੁਕਣਾ ਚਾਹੀਦਾ ਹੈ ਤੇ ਹਰੀ ਬੱਤੀ ਹੋਣ ਤੇ ਚੱਲਣਾ ਚਾਹੀਦਾ ਹੈ। ਉਹਨਾਂ ਹਾਜ਼ਰ ਬੱਚਿਆਂ ਨੂੰ ਕਿਹਾ ਕਿ ਸਾਨੂੰ ਬਿਨਾਂ ਲਾਇਸੰਸ ਤੋਂ ਕਦੇ ਵੀ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਕਾਨੂੰਨ ਅਨੁਸਾਰ ਜੇ ਕੋਈ ਬੱਚਾ ਬਿਨਾਂ ਲਾਇਸੈਂਸ ਤੋਂ ਵਾਹਨ ਚਲਾਉਂਦਾ ਹੈ ਤਾਂ ਉਸਦੇ ਮਾਤਾ ਪਿਤਾ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।