ਬਠਿੰਡਾ,1 ਜੁਲਾਈ 2024: ਪੰਜਾਬ ਵਿੱਚ ਮਾਨਸੂਨ ਪੁੱਜਣ ਦੀਆਂ ਖਬਰਾਂ ਨੂੰ ਲੈਕੇ ਬਠਿੰਡਾ ਵਾਸੀਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ ਹੋ ਗਈਆਂ ਹਨ। ਹਾਲਾਂਕਿ ਲੋਹੜੇ ਦੀ ਗਰਮੀ ਤੋਂ ਬਾਅਦ ਹੋਣ ਵਾਲੀ ਬਾਰਸ਼ ਲੋਕਾਂ ਲਈ ਰਾਹਤ ਲੈਕੇ ਆਉਂਦੀ ਹੈ ਪਰ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੇ ਕਮਜ਼ੋਰ ਪ੍ਰਬੰਧਾਂ ਕਾਰਨ ਸ਼ਹਿਰ ਵਾਸੀ ਬੱਦਲ ਗੱਜਣ ਤੇ ਤ੍ਰਭਕ ਉਠੇ ਹਨ। ਬਾਰਸ਼ ਦਾ ਪਾਣੀ ਨਿਕਲਣ ਨੂੰ ਲੈਕੇ ਪਿਛੋਕੜ ’ਚ ਹੋਏ ਕੌੜੇ ਤਜ਼ਰਬਿਆਂ ਨੂੰ ਲੈਕੇ ਨੀਵੇਂ ਮੁਹੱਲਿਆਂ ਅਤੇ ਬਜ਼ਾਰਾਂ ’ਚ ਵੱਸਣ ਵਾਲਿਆਂ ਦੀ ਤਾਂ ਜਾਨ ਮੁੱਠੀ ’ਚ ਆ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਸਰਕਾਰਾਂ ਦੇ ਮੂੰਹ ਵੱਲ ਵੇਖਦਿਆਂ ਸਮਾਂ ਲੰਘਾ ਦਿੱਤਾ ਹੈ ਅਤੇ ਹੁਣ ਚੌਥੀ ਸਰਕਾਰ ਦਾ ਵੀ ਕਰੀਬ ਸਵਾ ਦੋ ਸਾਲ ਦਾ ਵਕਤ ਲੰਘ ਗਿਆ ਹੈ ਪਰ ਉਨ੍ਹਾਂ ਦੇ ਦੁੱਖਾਂ ਦੀ ਕਾਲੀ ਰਾਤ ਨਹੀਂ ਮੁੱਕੀ ਹੈ।
ਬਠਿੰਡਾ ਵਾਸੀਆਂ ਨੇ ਦੁੱਖ ਜਤਾਇਆ ਕਿ ਉਨ੍ਹਾਂ ਨੇ ਤਾਂ ਵੋਟਾਂ ਦੀ ਝੋਲੀ ਭਰਕੇ ਆਮ ਆਦਮੀ ਪਾਰਟੀ ਦਾ ਵਿਧਾਇਕ ਬਣਾਇਆ ਸੀ ਜੋ ਲੋਕਾਂ ਦੇ ਫਿਕਰਾਂ ਦੀ ਪੰਡ ਹੌਲੀ ਨਹੀਂ ਕਰ ਸਕਿਆ ਹੈ। ਨਗਰ ਨਿਗਮ ਬਠਿੰਡਾ ਨੇ ਕਰੀਬ 8 ਸਾਲ ਪਹਿਲਾਂ ਸੌ ਫੀਸਦੀ ਸੀਵਰੇਜ਼ ਅਤੇ ਪਾਣੀ ਪ੍ਰਜੈਕਟ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪਦਿਆਂ ਆਖਿਆ ਸੀ ਕਿ ਦੋ ਤਿੰਨ ਸਾਲਾਂ ’ਚ ਬਠਿੰਡਾ ਵਾਸੀਆਂ ਦੇ ਉਲਾਂਭੇ ਲਾਹ ਦਿੱਤੇ ਜਾਣਗੇ ਪ੍ਰੰਤੂ ਇਸ ਮਾਮਲੇ ’ਚ ਸੰਜੀਦਗੀ ਦੀ ਘਾਟ ਦੇ ਚੱਲਦਿਆਂ ਹਰ ਵਾਰ ਸ਼ਹਿਰ ਦੇ ਵੱਡੇ ਹਿੱਸੇ ਨੂੰ ਪਾਣੀ ਦੀ ਮਾਰ ਦਾ ਸੰਤਾਪ ਨਹੀਂ ਝੱਲਣਾ ਪੈਂਦਾ ਹੈ। ਦੇਖਣ ‘ਚ ਆਇਆ ਹੈ ਕਿ ਸੀਵਰੇਜ਼ ਦੀ ਮਾਮੂਲੀ ਲੀਕੇਜ ਵੀ ਸੜਕਾਂ ਤੇ ਗਲੀਆਂ ਨੂੰ ਜਲਥਲ ਕਰੀ ਰੱਖਦੀ ਹੈ। ਜੇਕਰ ਇਕੱਲੇ ਮੁੱਖ ਸ਼ਹਿਰ ਦੇ ਹਾਲਾਤਾਂ ਤੇ ਝਾਤੀ ਮਾਰੀਏ ਤਾਂ ਕਰੋੜਾਂ ਖਰਚਣ ਦੇ ਬਾਵਜੂਦ ਸਥਿਤੀ ਅੱਜ ਵੀ ਖਤਰੇ ਵਾਲੀ ਹੈ।
ਸਿਰਕੀ ਬਜਾਰ, ਮਾਲ ਰੋਡ, ਅਮਰੀਕ ਸਿੰਘ ਰੋਡ ,ਜੀ ਟੀ ਰੋਡ, ਪਾਵਰ ਹਾਊਸ ਰੋਡ, ਸਿਵਲ ਲਾਈਨ, ਨਵੀਂ ਬਸਤੀ ,ਗਣੇਸ਼ਾ ਬਸਤੀ, ਅਤੇ ਭਾਗੂ ਰੋਡ ਤੋਂ ਜਲ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾਂ ਹੋਣ ਕਰਕੇ ਜਲਭਰਾਵ ਹੁੰਦਾ ਹੈ। ਏਦਾਂ ਹੀ ਲਾਈਨੋਂਪਾਰ ਇਲਾਕੇ ‘ਚ ਲਾਲ ਸਿੰਘ ਬਸਤੀ,ਸੁਭਾਸ਼ ਨਗਰ, ਪਰਸ ਰਾਮ ਨਗਰ ,ਪ੍ਰਤਾਪ ਨਗਰ ਅਤੇ ਜੰਤਾ ਨਗਰ ਪਾਣੀ ਪ੍ਰਭਾਵਿਤ ਖੇਤਰਾਂ ‘ਚ ਸ਼ਾਮਲ ਹਨ। ਰੌਚਕ ਗੱਲ ਹੈ ਕਿ ਇਨ੍ਹਾਂ ਇਲਾਕਿਆਂ ‘ਚ 4-4 ਦਿਨ ਤੱਕ ਬਾਰਸ਼ ਦਾ ਪਾਣੀ ਭਰਿਆ ਰਹਿੰਦਾ ਹੈ ਜਿਸ ਨੂੰ ਕੱਢਣ ਲਈ ਨਗਰ ਨਿਗਮ ਪੰਪ ਚਲਾਉਂਦਾ ਹੈ ਜਿੰਨ੍ਹਾਂ ਦੀ ਸਮਰੱਥਾ ਪੂਰੀ ਨਾਂ ਹੋਣ ਕਰਕੇ ਪਾਣੀ ਜਲਦੀ ਕੱਢਣ ’ਚ ਦਿੱਕਤ ਆਉਂਦੀ ਹੈ। ਦੋ ਤਿੰਨ ਦਿਨ ਪਹਿਲਾਂ ਨਗਰ ਨਿਗਮ ਤੇ ਕਾਬਜ ਕਾਂਗਰਸ ਦੇ ਕੌਂਸਲਰਾਂ ਨੇ ਜਰਨਲ ਹਾਊਸ ਦੀ ਮੀਟਿੰਗ ਵਿੱਚ ਅਧਿਕਾਰੀਆਂ ਅਤੇ ਤ੍ਰਿਵੈਣੀ ਦੀ ਵੀ ਇਸ ਮੁੱਦੇ ਤੇ ਖਿਚਾਈ ਕਰਦਿਆਂ ਚਿਤਾਵਨੀ ਜਾਰੀ ਕੀਤੀ ਹੈ।
ਸਿਆਸੀ ਲੀਡਰਾਂ ਦੀਆਂ ਅਫਸਰਾਂ ਨੂੰ ਧਮਕੀਆਂ ਦੇ ਬਾਵਜੂਦ ਬਠਿੰਡਾ ਦੇ ਲੋਕ ਬਹੁਤੇ ਆਸਵੰਦ ਨਹੀਂ ਹਨ ਕਿ ਐਤਕੀਂ ਪਾਣੀ ਉਨ੍ਹਾਂ ਲਈ ਸਮੱਸਿਆਵਾਂ ਪੈਦਾ ਨਹੀਂ ਕਰੇਗਾ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਕਤ ਜੋ ਸੂਰਤੇ ਹਾਲ ਹੈ ਉਸ ਨੂੰ ਦੇਖਦਿਆਂ ਹਲਕੀ ਬਾਰਸ਼ ਵੀ ਸਥਿਤੀ ਬੇਕਾਬੂ ਕਰ ਸਕਦੀ ਹੈ । ਅਮਰੀਕ ਸਿੰਘ ਰੋਡ ਦੇ ਨਾਲ ਲਗਦੀ ਨਵੀਂ ਬਸਤੀ ਨਿਵਾਸੀ ਕਿਸ਼ੋਰ ਚੰਦ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਪਾਣੀ ਦਾ ਸੰਤਾਪ ਹੰਢਾਉਂਦਿਆਂ ਸਾਰੀ ਉਮਰ ਹੀ ਗੁਜ਼ਾਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹਰ ਸਾਲ ਵੱਡੇ ਵੱਡੇ ਦਾਅਵੇ ਕਰਦਾ ਹੈ ਪ੍ਰੰਤੂ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਇੰਜ ਜਾਪਣ ਲੱਗਿਆ ਹੈ ਕਿ ਉਹ ਬਾਰਸ਼ ਦੌਰਾਨ ਸ਼ਹਿਰ ਨੂੰ ਪਾਣੀ ਦਾ ਛੱਪੜ ਬਣਿਆ ਹੋਇਆ ਦੇਖਦੇ ਦੇਖਦੇ ਹੀ ਜਹਾਨੋ ਤੁਰ ਜਾਣਗੇ।