ਬਠਿੰਡਾ,1ਜੁਲਾਈ 2024: ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਬਠਿੰਡਾ ਦੀ ਅਗਵਾਈ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਉਪਰੰਤ ਰੋਸ ਮਾਰਚ ਕਰਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਇੰਨ੍ਹਾਂ ਜਨਤਕ ਜਥੇਬੰਦੀਆਂ ਵੱਲੋਂ ਅਰੰਧੰਤੀ ਰਾਏ ਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ਤੇ ਕਾਲਾ ਕਾਨੂੰਨ ਯੁਏਪੀਏ ਲਾਉਣ ਵਿਰੁੱਧ ਅਤੇ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਆਗੂਆਂ ਨੇ ਪੈਨਸ਼ਨਰ ਭਵਨ ਇਕੱਠੇ ਹੋਏ ਵੱਖੋ ਵੱਖ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਨਵੇਂ ਅਪਰਾਧਿਕ ਕਾਨੂੰਨਾਂ ਦੇ ਮਾੜੇ ਅਸਰਾਂ ਅਤੇ ਪੁਲਿਸ ਨੂੰ ਦਿੱਤੀਆਂ ਖੁੱਲਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।
ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ, ਸੂਬਾ ਕਮੇਟੀ ਮੈਂਬਰ ਡਾ ਅਜੀਤਪਾਲ ਸਿੰਘ ਤੇ ਐਨ ਕੇ ਜੀਤ,ਸੂਬਾ ਸਕੱਤਰ ਪ੍ਰਿਤਪਾਲ ਸਿੰਘ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਅਤੇ ਤਰਕਸ਼ੀਲ ਆਗੂ ਬਲਰਾਜ ਸਿੰਘ ਮੌੜ ਨੇ ਕਿਹਾ ਕਿ ਨਵੇਂ ਅਪਰਾਧਿਕ ਕਨੂੰਨਾਂ ਮੁਤਾਬਕ ਤਬਾਹਕੁੰਨ ਸਰਗਰਮੀਆਂ, ਵੱਖਵਾਦ, ਭਾਰਤ ਦੀ ਏਕਤਾ,ਅਖੰਡਤਾ ਅਤੇ ਪ੍ਰਭੂਸੱਤਾ ਨੂੰ ਖਤਰਾ ਦਰਸਾ ਕੇ ਪੁਲਿਸ ਕਿਸੇ ਨੂੰ ਵੀ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕਰ ਸਕਦੀ ਹੈ ।
ਇੱਥੇ ਹੀ ਬੱਸ ਨਹੀਂ ਕਿਸੇ ਵਿਅਕਤੀ ਨੂੰ ਬਿਨਾਂ ਕੋਈ ਐਫਆਈਆਰ ਦਰਜ ਕੀਤੇ ਲੰਮੇ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ। ਪੁਲਸ ਹਿਰਾਸਤ ਦਾ ਸਮਾਂ ਜੋ ਪਹਿਲਾਂ 15 ਦਿਨ ਹੁੰਦਾ ਸੀ ਜੋ ਅਪਰਾਧ ਦੀ ਗੰਭੀਰਤਾ ਦੇ ਅਧਾਰ ਤੇ ਹੁਣ ਵਧਾ ਕੇ ਦੋ ਤੋਂ ਤਿੰਨ ਮਹੀਨਿਆਂ ਤੱਕ ਕਰ ਦਿੱਤਾ ਗਿਆ ਹੈ, ਜਿਸ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜਿੰਨ੍ਹਾਂ ਕੇਸਾਂ ਵਿੱਚ ਸਜ਼ਾ ਤਿੰਨ ਤੋਂ ਸੱਤ ਸਾਲ ਤੱਕ ਹੋ ਸਕਦੀ ਹੈ ਉਹਨਾਂ ਵਿੱਚ ਐਫਆਈਆਰ ਦਰਜ ਕਰਨੀ ਹੁਣ ਅਖਤਿਆਰੀ ਬਣਾ ਦਿੱਤੀ ਗਈ ਗਿਆ ਹੈ, ਲਾਜ਼ਮੀ ਨਹੀਂ ।
ਬੁਲਾਰਿਆਂ ਨੇ ਅੱਗੇ ਕਿਹਾ ਕਿ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਅਤੇ ਅਰੁਧੰਤੀ ਰਾਏ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੀ ਆਜ਼ਾਦੀ ਤੇ ਰੋਕ ਲਾਉਣ ਲਈ ਉਹਨਾਂ ਉੱਪਰ ਕਾਲੇ ਕਾਨੂੰਨ ਯੂਏਪੀਏ ਤਹਿਤ ਮੁਕਦਮਾ ਚਲਾਉਣ ਦੀ ਦਿੱਤੀ ਗਈ ਮਨਜੂਰੀ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਵਾਨਗੀ ਤੁਰੰਤ ਵਾਪਸ ਲਈ ਜਾਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਨਵੇਂ ਕਾਨੂੰਨ ਨਾਗਰਿਕਾਂ ਦੇ ਮੌਲਿਕ ਅਤੇ ਜਮਹੂਰੀ ਅਧਿਕਾਰਾ ਤੋਂ ਇਲਾਵਾ ਸੰਵਿਧਾਨਿਕ ਤੇ ਸ਼ਹਿਰੀ ਆਜ਼ਾਦੀਆਂ ਨੂੰ ਵੀ ਕੁਚਲਦੇ ਹਨ ਅਤੇ ਨਿਆਂ ਦੇ ਨਾਮ ਹੇਠ ਲੋਕਾਂ ਦੇ ਸਿਰ ਤਾਨਾਸ਼ਾਹ ਪੁਲਸੀਏ ਰਾਜ ਮੜਨ ਵਾਲਾ ਕਦਮ ਹਨ।
ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਣਗੇ ਤੇ ਨਾਗਰਿਕਾਂ ਨੂੰ ਰਾਜ ਦੇ ਜੁਲਮ ਦਾ ਸ਼ਿਕਾਰ ਹੋਣਾ ਪਵੇਗਾ। ਅੱਜ ਦੇ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ, ਮੁਲਾਜ਼ਮ ,ਕਿਸਾਨ ,ਮਜ਼ਦੂਰ ,ਦਲਿਤ ਬੁੱਧੀਜੀਵੀ,ਔਰਤਾਂ,ਵਕੀਲ,ਤਰਕਸ਼ੀਲ,ਮੈਡੀਕਲ ਪ੍ਰੈਕਟੀਸ਼ਨਰਜ਼ ,ਪੈਨਸ਼ਨਰਜ਼ ਤੇ ਸਾਹਿਤਕਾਰ ਹਾਜ਼ਰ ਸਨ।