ਨਵੀਂ ਦਿੱਲੀ – ਕੁਆਡ ਨੇਤਾਵਾਂ ਦੇ ਸਿਖਰ ਸੰਮੇਲਨ ਤੋਂ ਇੱਕ ਦਿਨ ਬਾਅਦ ਕਾਂਗਰਸ ਦੇ ਸੀਨਅਰ ਨੇਤਾ ਪੀ. ਚਿਦੰਬਰਮ ਨੇ ਸ਼ਨਿਚਰਵਾਰ ਨੂੰ ਕੇਂਦਰ ਸਰਕਾਰ ’ਤੇ ਵਿਅੰਗ ਕਰਦਿਆਂ ਕਿਹਾ ਕਿ ਸਿਰਫ਼ ਭਾਰਤ-ਪ੍ਰਸ਼ਾਤ ਖ਼ਿੱਤੇ ਦਾ ਹੀ ਖੁੱਲ੍ਹਾ ਤੇ ਸੁਤੰਤਰ ਹੋਣਾ ਕਾਫ਼ੀ ਨਹੀਂ ਹੈ, ਭਾਰਤ ਨੂੰ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਕੁਆਡ ਨੇਤਾਵਾਂ ਦੇ ਪਹਿਲੇ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਆਸਟਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਭਾਰਤ-ਪ੍ਰਸ਼ਾਂਤ ਖਿੱਤੇ ਨੂੰ ਮੁਕਤ, ਖੁੱਲ੍ਹਾ, ਸਮਾਵੇਸ਼ੀ, ਸਿਹਤਮੰਦ, ਜਮਹੂਰੀ ਮੁੱਲਾਂ ਤੋਂ ਪ੍ਰੇਰਿਤ ਬਣਾਉਣ ਦੀਆਂ ਕੋਸ਼ਿਸ਼ਾਂ ਕਰਨ ਦਾ ਅਹਿਦ ਕੀਤਾ ਹੈ। ਚਿਦੰਬਰਮ ਨੇ ਟਵੀਟ ਕੀਤਾ, ‘ਸਿਰਫ ਇਹੀ ਕਾਫੀ ਨਹੀਂ ਹੈ, ਜਿਵੇਂ ਕੁਆਡ ਨੇਤਾਵਾਂ ਨੇ ਕਿਹਾ ਕਿ ਭਾਰਤ ਪ੍ਰਸ਼ਾਂਤ ਖ਼ਿੱਤਾ ਮੁਕਤ ਅਤੇ ਖੁੱਲ੍ਹਾ ਹੈ। ਭਾਰਤ ਨੂੰ ਵੀ ਖੁੱਲ੍ਹਾ ਤੇ ਮੁਕਤ ਹੋਣਾ ਚਾਹੀਦਾ ਹੈ। ਦਮਨਕਾਰੀ ਕਾਨੂੰਨ ਅਤੇ ਅਸੰਤੁਸ਼ਟੀ ਦਾ ਦਮਨ ਖੁੱਲ੍ਹੇ ਅਤੇ ਮੁਕਤ ਦੇਸ਼ ਦੀ ਪਛਾਣ ਨਹੀਂ ਹੈ।’