ਲੁਧਿਆਣਾਃ 27 ਜੂਨ 2024 – ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪਿਛਲੇ ਪੰਜਾਹ ਸਾਲ ਦੌਰਾਨ ਲਿਖੀ ਸੰਪੂਰਨ ਗ਼ਜ਼ਲ ਰਚਨਾਵਲੀ “ਅੱਖਰ ਅੱਖਰ” ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਵਿਖੇ ਗੰਗਾ ਸਾਗਰ ਤੇ ਹੋਰ ਭੇਟਾਵਾਂ ਨਾਲ ਵਰੋਸਾਏ ਰਾਏ ਕੱਲ੍ਹਾ ਪਰਿਵਾਰ ਦੇ ਵਰਤਮਾਨ ਵਾਰਸ ਰਾਏ ਅਜ਼ੀਜ਼ ਉਲ੍ਹਾ ਖ਼ਾਂ ਤੇ ਸਾਥੀਆਂ ਵੱਲੋਂ ਸਰੀ( ਕੈਨੇਡਾ) ਵਿਖੇ ਲੋਕ ਅਰਪਨ ਕੀਤਾ ਗਿਆ।
ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼ਾਹੀ ਕੇਟਰਿੰਗ ਰੈਸਟਰੈਂਟ ਹਾਲ ਵਿਖੇ ਸੁਰਗਵਾਸੀ ਗੀਤਕਾਰ ਸਵ: ਗੁਰਦੇਵ ਸਿੰਘ ਮਾਨ ਦੀ ਬਰਸੀ ਮੌਕੇ ਇਸ ਕਿਤਾਬ ਨੂੰ ਪਾਠਕਾਂ ਹਵਾਲੇ ਕੀਤਾ ਗਿਆ।
ਇਸ ਮੌਕੇ “ਗੁਰਦੇਵ ਸਿੰਘ ਮਾਨ ਮੈਮੋਰੀਅਲ ” ਨਾਲ ਉੱਘੇ ਗੀਤਕਾਰ ਜਸਬੀਰ ਸਿੰਘ ਗੁਣਾਚੌਰੀਆ ਨੂੰ ਸਨਮਾਨਿਤ ਗਿਆ।
ਸਮਾਗਮ ਦੀ ਪ੍ਰਧਾਨਗੀ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਸਿੰਘ ਗਿੱਲ, ਰਾਏ ਅਜ਼ੀਜ ਉਲ੍ਹਾ ਖ਼ਾਂ “ਗੰਗਾ ਸਾਗਰ ਵਾਲੇ”, ਰਾਜਵੀਰ ਸਿੰਘ ਮਾਨ ਤੇ ਗਜ਼ਲਗੋ ਕਵਿੰਦਰ ਚਾਂਦ ਨੇ ਕੀਤੀ।ਮੰਚ ਸੰਚਾਲਨ ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਚਮਕੌਰ ਸਿੰਘ ਸੇਖੋਂ ਦੀ ਟੀਮ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਗਈਆਂ। ਲੁਧਿਆਣਾ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਗ਼ਜ਼ਲ ਪੁਸਤਕ “ਅੱਖਰ-ਅੱਖਰ ” ਨੂੰ ਰਾਏ ਅਜ਼ੀਜ਼ ਉਲ੍ਹਾ ਖ਼ਾਂ, ਡਾ. ਗੁਰਦੇਵ ਸਿੰਘ ਸਿੱਧੂ(ਮੋਹਾਲੀ) ਰਾਜਦੀਪ ਸਿੰਘ ਤੂਰ, ਕਰਮਜੀਤ ਸਿੰਘ ਗਰੇਵਾਲ(ਰਾਏਕੋਟ), ਕਵਿੰਦਰ ਚਾਂਦ, ਪ੍ਰਿਤਪਾਲ ਸਿੰਘ ਗਿੱਲ ਤੇ ਸੁਰਜੀਤ ਮਾਧੋਪੁਰੀ ਨੇ ਕੀਤਾ।
ਇਸ ਵੱਡ ਆਕਾਰੀ ਪੁਸਤਕ ਬਾਰੇ ਪਰਚਾ ਸ. ਕੁਲਦੀਪ ਸਿੰਘ ਗਿੱਲ (ਮਕਸੂਦੜਾ)ਵੱਲੋਂ ਪੜ੍ਹਿਆ ਗਿਆ। ਇਸ ਮੌਕੇ ਵਿਸ਼ਵ ਪ੍ਰਸਿੱਧ ਗੀਤਕਾਰ ਗੀਤਕਾਰ ਜਸਬੀਰ ਸਿੰਘ ਗੁਣਾਚੌਰੀਆ ਨੂੰ “ਗੁਰਦੇਵ ਸਿੰਘ ਮਾਨ ਯਾਦਗਾਰੀ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਸ. ਗੁਰਦੇਵ ਸਿੰਘ ਮਾਨ ਸਾਹਿਬ ਦੇ ਸਪੁੱਤਰ ਰਾਜਵੀਰ ਸਿੰਘ ਮਾਨ ਨੂੰ ਸੰਸਥਾ ਵੱਲੋ ਸਮਾਗਮ ਵਿੱਚ ਪਹੁੰਚਣ ਲਈ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਭਾ ਵੱਲੋਂ ਸਰਪ੍ਰਸਤੀ ਲਈ ਬਲਦੇਵ ਸਿੰਘ ਬਾਠ (ਬਸੰਤ ਮੋਟਰਜ਼)ਅਤੇ ਸ. ਗੁਰਦੇਵ ਸਿੰਘ ਮਾਨ ਸਾਹਿਬ ਦੇ ਬੇਟੇ ਰਾਜਵੀਰ ਮਾਨ ਦਾ ਧੰਨਵਾਦ ਕੀਤਾ ਗਿਆ। ਅਦਾਰਾ ਰੇਡਿਓ ਰੈੱਡ ਐੱਫ.ਐੱਮ ਤੋਂ ਜਾਣੇ ਮਾਣੇ ਪੇਸ਼ਕਾਰ ਹਰਜਿੰਦਰ ਸਿੰਘ ਥਿੰਦ ਅਤੇ ਰੇਡੀਓ ਹੋਸਟ ਦਵਿੰਦਰ ਸਿੰਘ ਬੈਨੀਪਾਲ,ਸਪਤਾਹਿਕ ਅਖ਼ਬਾਰ ‘ਦੇਸ ਪ੍ਰਦੇਸ’ ਤੋਂ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ,ਰੇਡੀਓ ਅਤੇ ਟੀ.ਵੀ. ਹੋਸਟ ਪਾਲ ਵੜੈਚ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ।
ਅਮਰੀਕਾ ਦੇ ਸ਼ਹਿਰ ਸਿਆਟਲ ਤੋਂ ਪਹੁੰਚੇ ਮਸ਼ਹੂਰ ਗੀਤਕਾਰ ਅਤੇ ਗਾਇਕ ਬਲਬੀਰ ਸਿੰਘ ਲਹਿਰਾ ਨੇ ਆਪਣੇ ਚੋਣਵੇਂ ਗੀਤਾਂ ਨਾਲ ਅਤੇ ਗੀਤਕਾਰ ਅਲਬੇਲ ਬਰਾੜ ਨੇ ਆਪਣੇ ਗੀਤਾਂ ਦੀਆਂ ਵੰਨਗੀਆਂ ਨਾਲ ਇਸ ਪ੍ਰੋਗਰਾਮ ਵਿਚ ਰੌਣਕ ਲਾਈ ਅਤੇ ਪ੍ਰਬੰਧਕਾਂ ਦੀ ਗੁਰਦੇਵ ਸਿੰਘ ਮਾਨ ਸਾਹਿਬ ਯਾਦਗਾਰੀ ਸਮਾਗਮ ਲਈ ਸ਼ਲਾਘਾ ਕੀਤੀ।