ਐਸ ਏ ਐਸ ਨਗਰ, 3 ਜੂਨ –ਚੋਣ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਦੇਸ਼ ਭਰ ਵਿੱਚ ਪੈਕਟ ਬੰਦ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਦੇਸ਼ ਭਰ ਦੇ ਕਈ ਟੋਲ ਨਾਕਿਆਂ ਤੇ ਗੱਡੀਆਂ ਦੀ ਆਵਾਜਾਈ ਲਈ ਵਸੂਲੇ ਜਾਂਦੇ ਟੋਲ ਟੈਕਸ ਦੀ ਦਰ ਵੀ 5 ਤੋਂ 10 ਫੀਸਦੀ ਤਕ ਵਧਾ ਦਿੱਤੀ ਗਈ ਹੈ, ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀ ਰਸੋਈ ਦੇ ਬਜਟ ਤੇ ਪੈਣਾ ਹੈ।
ਚੋਣ ਨਤੀਜਿਆਂ ਤੋਂ ਬਾਅਦ ਸਰਕਾਰ ਭਾਵੇਂ ਕੋਈ ਵੀ ਬਣੇ ਪਰ ਮਹਿੰਗਾਈ ਉਸ ਲਈ ਵੱਡੀ ਚੁਣੌਤੀ ਬਣੇਗੀ। ਬੀਤੇ ਸਾਲਾਂ ਦੇ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਮਹਿੰਗਾਈ ਹੱਦਾਂ ਬੰਨੇ ਟੱਪ ਗਈ ਸੀ, ਜਿਸ ਕਰਕੇ ਕਾਂਗਰਸੀ ਆਗੂ ਕਹਿਣ ਲੱਗੇ ਸਨ ਕਿ ਮੋਦੀ ਸਰਕਾਰ ਮਹਿੰਗਾਈ ਰੋਕਣ ਵਿੱਚ ਅਸਫ਼ਲ ਹੋ ਗਈ ਹੈ। ਮਹਿੰਗਾਈ ਵਿੱਚ ਇੰਨਾ ਜਿਆਦਾ ਵਾਧਾ ਹੋ ਚੁਕਿਆ ਹੈ ਕਿ ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣ ਲਈ ਵੀ ਬਹੁਤ ਜਿਆਦਾ ਮਿਹਨਤ ਮਜਦੂਰੀ ਕਰਨੀ ਪੈਂਦੀ ਹੈ।
ਆਮ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ ਤੋਂ ਬਾਅਦ ਆਈ ਭਾਰੀ ਆਰਥਿਕ ਤਬਾਹੀ ਕਾਰਨ ਵੱਡੀ ਗਿਣਤੀ ਲੋਕ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ ਅਤੇ ਹੁਣ ਜਦੋਂ ਲੋਕਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੁੰਦਾ ਦਿਖ ਰਿਹਾ ਸੀ ਕਿ ਚੋਣਾਂ ਆ ਗਈਆਂ ਅਤੇ ਚੋਣਾਂ ਦੌਰਾਨ ਵੀ ਮਹਿੰਗਾਈ ਵਿਚ ਵਾਧਾ ਹੁੰਦਾ ਰਿਹਾ।
ਚੋਣਾਂ ਤੋਂ ਬਾਅਦ ਨਤੀਜੇ ਆਉਣ ਤੋਂ ਪਹਿਲਾਂ ਹੀ ਦੁੱਧ ਕੰਪਨੀਆਂ ਵਲੋਂ ਦੁੱਧ ਦੀ ਕੀਮਤ ਵਧਾ ਦਿੱਤੇ ਜਾਣ ਕਾਰਨ ਹਰ ਵਿਅਕਤੀ ਤੇ ਅਸਰ ਪੈਣਾ ਹੈ ਅਤੇ ਇਸ ਦੇ ਨਾਲ ਹੀ ਜ਼ਰੂਰੀ ਵਰਤੋ ਦੀਆਂ ਹੋਰ ਚੀਜਾਂ ਵੀ ਇਕਦਮ ਮਹਿੰਗਾਈਆਂ ਹੋ ਗਈਆਂ ਹਨ। ਜਿਸ ਕਾਰਨ ਹੁਣ ਆਰਥਿਕ ਮਾਹਿਰ ਕਹਿ ਰਹੇ ਹਨ ਕਿ ਭਾਰਤ ਵਿਚ ਨਵੀਂ ਬਣਨ ਵਾਲੀ ਸਰਕਾਰ ਅੱਗੇ ਮਹਿੰਗਾਈ ਇੱਕ ਵੱਡੀ ਚੁਣੌਤੀ ਹੋਵੇਗੀ।