ਉਲੰਪਿਕ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜੇਤੂ ਨੂੰ ਨੌਕਰੀਆਂ ਸਣੇ ਮਿਲੇਗੀ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਦੀ ਰਾਸ਼ੀ
ਚੰਡੀਗੜ੍ਹ – ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਟੋਕੀਓ ਉਲੰਪਿਕਸ-2021 ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਅਤੇ ਸੂਬੇ ਲਈ ਵੱਧ ਤੋਂ ਵੱਧ ਉਲੰਪਿਕ ਕੋਟਾ ਹਾਸਲ ਕਰਨਾ ਸਾਡਾ ਮੁੱਖ ਟੀਚਾ ਹੈ, ਜਿਸ ਦੀ ਪ੍ਰਾਪਤੀ ਲਈ ਖੇਡ ਵਿਭਾਗ ਦੀ ਅਗਵਾਈ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਅਤੇ ਹੋਰ ਸਬੰਧਤ ਸੰਸਥਾਵਾਂ ਦਿਨ-ਰਾਤ ਜੁਟੀਆਂ ਹੋਈਆਂ ਹਨ। ਰਾਣਾ ਸੋਢੀ ਨੇ ਇੱਥੇ ਪੰਜਾਬ ਮਿਊਂਸਿਪਲ ਭਵਨ ਵਿਖੇ ਸਾਲ 2017-18 ਦੌਰਾਨ ਸੂਬੇ ਲਈ ਨਾਮਣਾ ਖੱਟਣ ਵਾਲੇ 90 ਖਿਡਾਰੀਆਂ ਨੂੰ ਕਰੀਬ 1.66 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ ਕੀਤੀ।ਇਸ ਵਿਸ਼ੇਸ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਖਿਡਾਰੀਆਂ ਨੂੰ ਮਾਲੀ ਸਹਾਇਤਾ ਮੁਹੱਈਆ ਕਰਨ ਦੇ ਅੱਜ ਪਹਿਲੇ ਪੜਾਅ ਦੀ ਸ਼ੁਰੂਆਤ ਨਾਲ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਵੱਡੇ ਮਾਅਰਕੇ ਮਾਰਨ ਵਾਲੇ ਖਿਡਾਰੀਆਂ ਦੇ ਸਨਮਾਨ ਦਾ ਵਾਅਦਾ ਪੂਰਾ ਹੋਇਆ ਹੈ। ਆਗਾਮੀ ਦਿਨਾਂ ਵਿੱਚ ਅਜਿਹੇ 1135 ਖਿਡਾਰੀਆਂ ਨੂੰ ਨਗਦ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਖਿਡਾਰੀਆਂ ਦੇ ਸਨਮਾਨ ਵਿੱਚ ਪਹਿਲਾ ਹੀ ਕਾਫ਼ੀ ਦੇਰ ਹੋ ਚੁੱਕੀ ਹੈ।
ਖੇਡ ਮੰਤਰੀ ਨੇ ਕਿਹਾ ਕਿ ਅੱਜ ਜਿਹੜੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਹ ਸਾਲ 2017-18 ਦੌਰਾਨ ਕੌਮਾਂਤਰੀ, ਕੌਮੀ ਤੇ ਸੂਬਾ ਪੱਧਰ ਉਤੇ ਨਾਮਣਾ ਖੱਟ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਨੂੰ ਕੁੱਲ 1,65,65,700 ਦੀ ਰਾਸ਼ੀ ਮੁਹੱਈਆ ਕੀਤੀ ਗਈ ਹੈ। ਇਨ੍ਹਾਂ 90 ਖਿਡਾਰੀਆਂ ਵਿੱਚ 36 ਕੌਮਾਂਤਰੀ ਪੱਧਰ ਦੇ ਖਿਡਾਰੀ ਹਨ, ਜਿਨ੍ਹਾਂ ਨੂੰ ਕੁੱਲ 1.26 ਕਰੋੜ ਦੀ ਇਨਾਮੀ ਰਾਸ਼ੀ ਦਿੱਤੀ ਗਈ, ਜਦੋਂ ਕਿ 54 ਕੌਮੀ ਪੱਧਰ ਦੇ ਖਿਡਾਰੀਆਂ ਨੂੰ ਕੁੱਲ 39.39 ਲੱਖ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਮਾਣ-ਸਨਮਾਨ ਨਾਲ ਉਨ੍ਹਾਂ ਉਭਰਦੇ ਖਿਡਾਰੀਆਂ ਨੂੰ ਉਤਸ਼ਾਹ ਮਿਲੇਗਾ, ਜਿਹੜੇ ਟੋਕੀਓ ਉਲੰਪਿਕਸ-2021 ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਨੇ ਅਜਿਹੇ ਖਿਡਾਰੀਆਂ ਨੂੰ 4.85 ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਦੇਣ ਦਾ ਫ਼ੈਸਲਾ ਕੀਤਾ ਗਿਆ, ਜਿਸ ਵਿੱਚੋਂ 1.66 ਕਰੋੜ ਰੁਪਏ ਦੀ ਰਾਸ਼ੀ ਅੱਜ ਤਕਸੀਮ ਕੀਤੀ ਗਈ।
ਰਾਣਾ ਸੋਢੀ ਨੇ ਕਿਹਾ ਕਿ ਸਾਡਾ ਟੀਚਾ ਪੰਜਾਬ ਤੋਂ ਵੱਧ ਤੋਂ ਵੱਧ ਉਲੰਪਿਕ ਤਮਗ਼ਾ ਜੇਤੂ ਕੱਢਣਾ ਹੈ ਅਤੇ ਸਾਨੂੰ ਸਭ ਤੋਂ ਵੱਧ ਆਸਾਂ ਹਾਕੀ ਤੋਂ ਹਨ ਕਿਉਂਕਿ ਭਾਰਤੀ ਹਾਕੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਨਾਲ ਸਬੰਧਤ ਚੁਣੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਬੰਗਲੌਰ ਵਿੱਚ ਲੱਗੇ ਤਿਆਰੀ ਕੈਂਪ ਵਿੱਚ ਕੁੱਲ 33 ਵਿੱਚੋਂ 17 ਖਿਡਾਰੀ ਪੰਜਾਬ ਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਖਿਡਾਰੀਆਂ ਦੇ ਟੀਮ ਵਿੱਚ ਚੁਣੇ ਜਾਣ ਦੀ ਸੰਭਾਵਨਾ ਹੈ। ਲੜਕੀਆਂ ਦੀ ਹਾਕੀ ਟੀਮ ਵਿੱਚ ਇਸ ਸਮੇਂ ਦੋ ਪੰਜਾਬਣ ਖਿਡਾਰਨਾਂ ਸ਼ਾਮਲ ਹੈ।
ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਭੇਟ ਕਰਨ ਬਾਰੇ ਜਾਣਕਾਰੀ ਦਿੰਦਿਆਂ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਪਹਿਲੀ ਪੰਜਾਬਣ ਮੁੱਕੇਬਾਜ਼ ਹੈ, ਜਿਸ ਨੇ ਏਸ਼ੀਆ-ਓਸ਼ੈਨੀਆ ਕੁਆਲੀਫਾਈ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਓਲੰਪਿਕ ਵਿੱਚ ਥਾਂ ਬਣਾਈ। ਸਿਮਰਨਜੀਤ ਕੌਰ ਦੀ ਉਲੰਪਿਕ ਦੀ ਤਿਆਰੀ ਦਾ ਸਮੁੱਚਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਕਰਨ ਦੇ ਐਲਾਨ ਜ਼ਿਕਰ ਦਾ ਕਰਦਿਆਂ ਉਨ੍ਹਾਂ ਦੱਸਿਆ ਕਿ ਮੁਹਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਵੀ ਇਸ ਮੁੱਕੇਬਾਜ਼ ਨੇ ਤਿਆਰੀ ਕੀਤੀ। ਉਨ੍ਹਾਂ ਨਵੀਂ ਖੇਡ ਨੀਤੀ ਨੂੰ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਲਈ ਤਿਆਰ ਕਰਨ ਵਾਸਤੇ ਅਨੁਕੂਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਹੋਰ ਜਿਨ੍ਹਾਂ ਖਿਡਾਰੀਆਂ ਦੇ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਉਲੰਪਿਕ ਵਿੱਚ ਵੱਡੀਆਂ ਮੱਲਾਂ ਮਾਰਨ ਦੀ ਆਸ ਹੈ, ਉਨ੍ਹਾਂ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਖਿਡਾਰੀਆਂ ਦੀ ਵਿਦੇਸ਼ੀ ਸਿਖਲਾਈ ਤੋਂ ਲੈ ਕੇ ਸਾਮਾਨ ਤੱਕ ਦੀ ਜਿੰਨੀ ਵੀ ਮਦਦ ਸੰਭਵ ਹੈ, ਉਹ ਮਦਦ ਮੁਹੱਈਆ ਕੀਤੀ ਜਾ ਰਹੀ ਹੈ।
ਨਵੀਂ ਖੇਡ ਨੀਤੀ ਦੇ ਕੌਮਾਂਤਰੀ ਪਿੜ ਲਈ ਖਿਡਾਰੀਆਂ ਦੀ ਤਿਆਰੀ ਵਿੱਚ ਮਦਦਗਾਰ ਹੋਣ ਦਾ ਦਾਅਵਾ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਕੋਚ ਅਤੇ ਹੋਰ ਉਪਕਰਨ ਵਰਗੀਆਂ ਸਹੂਲਤਾਂ ਮੁਹੱਈਆ ਕਰਨ ਦੇ ਨਾਲ-ਨਾਲ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਇਨ੍ਹਾਂ ਖਿਡਾਰੀਆਂ ਨੂੰ ਹਰੇਕ ਸਹੂਲਤ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਲੰਪਿਕ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜੇਤੂ ਨੂੰ ਨੌਕਰੀਆਂ ਸਣੇ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਰਾਣਾ ਸੋਢੀ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 35 ਈਵੈਂਟਾਂ ਵਿੱਚ ਭਾਰਤ ਦੇ 74 ਖਿਡਾਰੀ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ। ਪੰਜਾਬ ਨੂੰ ਮੁੱਕੇਬਾਜ਼ੀ ਤੇ ਨਿਸ਼ਾਨੇਬਾਜ਼ੀ ਵਿੱਚ ਵੱਡੀਆਂ ਆਸਾਂ ਹਨ ਕਿਉਂਕਿ ਪੰਜਾਬ ਦੇ ਕਈ ਨਿਸ਼ਾਨੇਬਾਜ਼ ਅਤੇ ਮੁੱਕੇਬਾਜ਼ ਇਸ ਸਮੇਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ।ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਅਨੁਰਾਗ ਵਰਮਾ ਤੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਸੰਬੋਧਨ ਕੀਤਾ ਅਤੇ ਖਿਡਾਰੀਆਂ ਨੂੰ ਵੱਡੀਆਂ ਮੱਲਾਂ ਮਾਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਡਾ. ਜਗਬੀਰ ਸਿੰਘ ਚੀਮਾ ਅਤੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਪੀ.ਆਈ.ਐਸ. ਡਾਇਰੈਕਟਰ ਗਰੁੱਪ ਕੈਪਟਨ (ਸੇਵਾ-ਮੁਕਤ) ਅਮਰਦੀਪ ਸਿੰਘ, ਸੰਯੁਕਤ ਸਕੱਤਰ ਖੇਡ ਕੌਂਸਲ ਕਰਤਾਰ ਸਿੰਘ ਅਤੇ ਡਿਪਟੀ ਡਾਇਰੈਕਟਰ (ਯੁਵਕ ਸੇਵਾਵਾਂ) ਰੁਪਿੰਦਰ ਕੌਰ ਵੀ ਹਾਜ਼ਰ ਸਨ
ਕੌਮਾਂਤਰੀ ਪੱਧਰ ਦੇ 36 ਖਿਡਾਰੀਆਂ ਨੂੰ 1.26 ਕਰੋੜ ਰੁਪਏ ਦੀ ਰਾਸ਼ੀ ਵੰਡੀ
ਪਹਿਲੇ ਪੜਾਅ ਦੌਰਾਨ ਸਾਲ 2017-18 ਵਿੱਚ ਕੌਮਾਂਤਰੀ ਤੇ ਕੌਮੀ ਪੱਧਰ ‘ਤੇ ਮੱਲਾਂ ਮਾਰਨ 36 ਖਿਡਾਰੀਆਂ ਨੂੰ 1 ਕਰੋੜ 26 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 5 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਗ਼ਮਾ ਜੇਤੂ ਅੰਜੁਮ ਮੌਦਗਿੱਲ, 3 ਸੋਨ, 5 ਚਾਂਦੀ ਤੇ 5 ਕਾਂਸੀ ਦੇ ਤਮਗ਼ੇ ਜੇਤੂ ਅਨਹਦ ਜਵੰਦਾ, 3 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਆਦਿਤਿਆ ਕੁੰਡੂ, 2 ਸੋਨ ਤਮਗ਼ੇ ਜੇਤੂ ਗੁਰਪ੍ਰੀਤ ਸਿੰਘ, 2 ਸੋਨ ਤਮਗ਼ੇ ਜੇਤੂ ਹਰਪ੍ਰੀਤ ਸਿੰਘ, 1 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਰੂਬਲਜੀਤ ਸਿੰਘ ਰੰਗੀ, 2 ਸੋਨ ਤਮਗ਼ੇ ਜੇਤੂ ਅਮਨਜੀਤ ਸਿੰਘ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਰਣਦੀਪ ਕੌਰ, 1 ਸੋਨ ਤਮਗ਼ਾ ਜੇਤੂ ਪਰਵੀਨਾ, 1 ਸੋਨ ਤਮਗ਼ਾ ਜੇਤੂ ਤ੍ਰਿਸ਼ਾ ਦੇਬ, 1 ਸੋਨ ਤਮਗ਼ਾ ਜੇਤੂ ਮਨਪ੍ਰੀਤ ਕੌਰ, 1 ਸੋਨ ਤਮਗ਼ਾ ਜੇਤੂ ਮਨਿੰਦਰ ਸਿੰੰਘ, 1 ਸੋਨ ਤਮਗ਼ਾ ਜੇਤੂ ਪਰਦੀਪ ਸਿੰਘ, 2 ਸੋਨ, 3 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਅਰਜੁੁਨ ਬਬੂਟਾ, 4 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸਮੀਕਸ਼ਾ ਢੀਂਗਰਾ, 8 ਸੋਨ, 1 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਅਰਜੁਨ ਸਿੰਘ ਚੀਮਾ, 1 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਤੇਜਿੰਦਰ ਪਾਲ ਸਿੰਘ ਤੂਰ, 2 ਚਾਂਦੀ ਦੇ ਤਮਗ਼ੇ ਜੇਤੂ ਪ੍ਰਭਪਾਲ ਸਿੰਘ, 1 ਚਾਂਦੀ ਦਾ ਤਮਗ਼ਾ ਜੇਤੂ ਗੁਰਵਿੰਦਰ ਸਿੰਘ, 1 ਚਾਂਦੀ ਦਾ ਤਮਗ਼ਾ ਜੇਤੂ ਹਰਵੀਨ ਸਰਾਓ, 3 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸੰਜੀਵ ਕੁਮਾਰ, 1 ਸੋਨ, 1 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਅੰਗਦਵੀਰ ਸਿੰਘ ਬਾਜਵਾ, 1 ਸੋਨ ਤਮਗ਼ਾ ਜੇਤੂ ਅਭੀਸ਼ੇਕ ਸ਼ਰਮਾ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਦਵਿੰਦਰ ਸਿੰਘ, 2 ਸੋਨ ਤਮਗ਼ੇ ਜੇਤੂ ਮੁਕੇਸ਼ ਕੁਮਾਰ, 2 ਸੋਨ ਤਮਗ਼ੇ ਜੇਤੂ ਪੂਨਮ, 2 ਸੋਨ ਤੇ 3 ਚਾਂਦੀ ਦੇ ਤਮਗ਼ੇ ਜੇਤੂ ਗੁਰਨਿਹਾਲ ਸਿੰਘ ਗਰਚਾ, 1 ਚਾਂਦੀ ਦਾ ਤਮਗ਼ਾ ਜੇਤੂ ਗੁਰਦੀਪ ਸਿੰਘ, 1 ਕਾਂਸੀ ਦਾ ਤਮਗ਼ਾ ਜੇਤੂ ਵਿਕਾਸ ਠਾਕੁਰ, 1 ਕਾਂਸੀ ਦਾ ਤਮਗ਼ਾ ਜੇਤੂ ਅਮਨਪ੍ਰੀਤ ਸਿੰਘ, 2 ਸੋਨ, 1 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਸਨਮੁਨ ਸਿੰਘ ਬਰਾੜ, 3 ਸੋਨ, 1 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਰਾਜ ਕੁਮਾਰ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਜਪਤੇਸ਼ ਸਿੰਘ ਜਸਪਾਲ, 1 ਕਾਂਸੀ ਦਾ ਤਮਗ਼ਾ ਜੇਤੂ ਦਿਲਬਰਦੀਪ ਸਿੰਘ ਸੰੰਧੂ, 1 ਕਾਂਸੀ ਦਾ ਤਮਗ਼ਾ ਜੇਤੂ ਸੁਮਿਤ ਅਤੇ 1 ਕਾਂਸੀ ਦਾ ਤਮਗ਼ਾ ਜੇਤੂ ਵੀਨਾ ਅਰੋੜਾ ਸ਼ਾਮਲ ਹਨ।
ਕੌਮੀ ਪੱਧਰ ਦੇ 54 ਖਿਡਾਰੀਆਂ ਨੂੰ 39.39 ਲੱਖ ਰੁਪਏ ਦੀ ਇਨਾਮੀ ਰਾਸ਼ੀ ਮੁਹੱਈਆ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੌਮੀ ਪੱਧਰ ‘ਤੇ ਆਪਣੀ ਖੇਡ ਪ੍ਰਤਿਭਾ ਵਿਖਾਉਣ ਵਾਲੇ 56 ਖਿਡਾਰੀਆਂ ਨੂੰ 39.39 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ, ਜਿਨ੍ਹਾਂ ਵਿੱਚ 5 ਸੋਨ, 1 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਸਰਪ੍ਰੀਤ ਕੌਰ ਸਿੱਧੂ, 4 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਏਕਨੂਰ ਕੌਰ, 3 ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਰਾਜਬੀਰ ਸਿੰਘ, 4 ਸੋਨ, 1 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸਿਮਰਨਜੋੋਤ ਕੌੌਰ, 3 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਨੇਮਤ ਸਭਰਵਾਲ, 4 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਮਹਿਕ ਕੇਜਰੀਵਾਲ, 5 ਸੋਨ ਤੇ 5 ਚਾਂਦੀ ਦੇ ਤਮਗ਼ੇ ਜੇਤੂ ਪ੍ਰਭਜੋਤ ਬਾਜਵਾ, 5 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਇਨਾਯਾ ਵਿਜੈ ਸਿੰਘ, 5 ਸੋਨ ਤਮਗ਼ੇ ਜੇਤੂ ਜੈਸਮੀਨ ਕੌਰ, 4 ਚਾਂਦੀ ਤੇ 3 ਕਾਂਸੀ ਦੇ ਤਮਗ਼ੇ ਜੇਤੂ ਅੱਚਲ ਪ੍ਰਤਾਪ ਸਿੰਘ ਗਰੇਵਾਲ, 4 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਨਮਨ ਕਪਿਲ, 1 ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਫ਼ਤਿਹ ਸਿੰਘ ਢਿਲੋੋਂ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਮਨਪ੍ਰੀਤ ਕੌਰ, 2 ਸੋਨ ਦੇ ਤਮਗ਼ੇ ਜੇਤੂ ਚਾਹਤ ਅਰੋੋੜਾ, 3 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸੁਰਿੰਦਰ ਸਿੰਘ, 5 ਚਾਂਦੀ ਦੇ ਤਮਗ਼ੇ ਜੇਤੂ ਵੈਭਵ ਰਾਜੌਰੀਆ, 6 ਸੋਨ, 1 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਛਵੀ ਕੋਹਲੀ, 4 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸੁਮਨਪ੍ਰੀਤ ਕੌਰ, 1 ਸੋਨ, 3 ਚਾਂਦੀ ਤੇ 3 ਕਾਂਸੀ ਦੇ ਤਮਗ਼ੇ ਜੇਤੂ ਜਗਜੀਤ ਕੌਰ, 2 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਚਾਹਤ ਦੀਪ ਕੌਰ, 2 ਚਾਂਦੀ ਤੇ 4 ਕਾਂਸੀ ਦੇ ਤਮਗ਼ੇ ਜੇਤੂ ਜਸਮੀਤ ਕੌਰ, 3 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਪੰਖੁੜੀ ਰਾਠੌੜ, 2 ਸੋਨ ਤੇ 2 ਕਾਂਸੀ ਦੇ ਤਮਗ਼ੇ ਜੇਤੂ ਵੀਰਪਾਲ ਕੌਰ, 1 ਸੋਨ, 3 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਜੁਗਰਾਜ ਸਿੰਘ, 3 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਹਰਨਿਮਰਤ ਸਿੰਘ ਭਿੰਡਰ, 1 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਤਲਵਿੰਦਰ ਸਿੰਘ, 2 ਸੋਨ ਤੇ 3 ਕਾਂਸੀ ਦੇ ਤਮਗ਼ੇ ਜੇਤੂ ਕਿਰਨਦੀਪ ਕੌਰ, 2 ਸੋਨ ਤੇ 3 ਕਾਂਸੀ ਦੇ ਤਮਗ਼ੇ ਜੇਤੂ ਇੰਦਰਜੀਤ ਕੌਰ, 2 ਸੋਨ ਤੇ 2 ਕਾਂਸੀ ਦੇ ਤਮਗ਼ੇ ਜੇਤੂ ਸਾਹਿਲ ਚੋਪੜਾ, 4 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਦਿਲਸ਼ਾਨ ਕੈਲੇ, 3 ਸੋਨ ਤਮਗ਼ੇ ਜੇਤੂ ਜਸਸੀਰਤ ਸਿੰਘ, 2 ਸੋਨ ਤੇ 2 ਕਾਂਸੀ ਦੇ ਤਮਗ਼ੇ ਜੇਤੂ ਹੁਸਨਪ੍ਰੀਤ ਕੌੌਰ, 3 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਹਰਮਨਪ੍ਰੀਤ ਕੌਰ, 2 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਪ੍ਰਭਜੋਤ ਕੌਰ, 1 ਸੋਨ ਤੇ 1 ਚਾਂਦੀ ਦਾ ਤਮਗ਼ਾ ਜੇਤੂ ਹਰਵਿੰਦਰ ਕੌੌਰ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਵੀਰਪਾਲ ਕੌੌਰ, 2 ਸੋਨ ਤਮਗ਼ੇ ਜੇਤੂ ਈਨਾ ਅਰੋੋੜਾ, 1 ਸੋਨ ਤੇ 1 ਕਾਂਸੀ ਤਮਗ਼ਾ ਜੇਤੂ ਗੁਰਬਾਜ਼ ਸਿੰਘ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸਰਵਨਜੀਤ ਸਿੰਘ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਗੁਰਵਿੰਦਰ ਸਿੰਘ ਚੰਦੀ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਹਰਬੀਰ ਸਿੰਘ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਹਰਜੋਤ ਸਿੰਘ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਦੁਪਿੰਦਰ ਦੀਪ ਸਿੰਘ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਧਰਮਵੀਰ ਸਿੰਘ, 1 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸਿਮਰਨਜੀਤ ਸਿੰਘ, 2 ਸੋਨ ਤੇ 2 ਚਾਂਦੀ ਦੇ ਤਮਗ਼ੇ ਜੇਤੂ ਜਗਦੀਸ਼ ਸਿੰਘ, 6 ਚਾਂਦੀ ਦੇ ਤਮਗ਼ੇ ਜੇਤੂ ਜੈਸਮੀਨ ਕੌਰ, 3 ਚਾਂਦੀ ਤੇ 3 ਕਾਂਸੀ ਦੇ ਤਮਗ਼ੇ ਜੇਤੂ ਉਤਕਰਸ਼, 2 ਸੋਨ, 1 ਚਾਂਦੀ ਤੇ 1 ਕਾਂਸੀ ਦਾ ਤਮਗ਼ਾ ਜੇਤੂ ਪ੍ਰਿਅੰਕਾ ਦੇਵੀ, 1 ਚਾਂਦੀ ਤੇ 3 ਕਾਂਸੀ ਦੇ ਤਮਗ਼ੇ ਜੇਤੂ ਹਰਮਨਦੀਪ ਕੌਰ, 1 ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜੇਤੂ ਅਮਨਦੀਪ ਕੰਬੋਜ, 3 ਸੋਨ ਤਮਗ਼ੇ ਜੇਤੂ ਹਰਸ਼ਦੀਪ ਸਿੰਘ, 2 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਸਾਨੀਆ ਅਤੇ 2 ਸੋਨ ਤੇ 1 ਕਾਂਸੀ ਦਾ ਤਮਗ਼ਾ ਜੇਤੂ ਜਗਮੀਤ ਕੌਰ ਸ਼ਾਮਲ ਹਨ।
ਵਿਸ਼ੇਸ਼ ਉਲੰਪੀਅਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਵਿੱਤੀ ਸਹਾਇਤਾ ਐਲਾਨੀ
ਲਾਸ ਏਂਜਲਸ ਵਿਖੇ ਸਾਲ 2015 ਦੇ ਵਿਸ਼ੇਸ਼ ਉਲੰਪਿਕਸ ਵਿਚ ਸਾਈਕਲਿੰਗ ਖੇਡ ਵਿੱਚ ਦੋ ਸੋਨ ਤਮਗ਼ੇ ਜਿੱਤ ਚੁੱਕੇ ਜ਼ਿਲ੍ਹਾ ਲੁਧਿਆਣਾ ਦੇ ਸਿਆੜ ਪਿੰਡ ਦੇ ਵਿਸ਼ੇਸ਼ ਉਲੰਪੀਅਨ ਰਾਜਵੀਰ ਸਿੰਘ (21) ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਖੇਡ ਮੰਤਰੀ ਰਾਣਾ ਸੋਢੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਵਿੱਤੀ ਸਹਾਇਤਾ ਦਾ ਚੈੱਕ ਪਰਿਵਾਰ ਨੂੰ ਦੇਣ ਲਈ ਕਿਹਾ ਗਿਆ ਹੈ।ਕੈਬਨਿਟ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਖਿਡਾਰੀ ਨੂੰ 2015 ਵਿੱਚ ਉਦੋਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ 30 ਲੱਖ ਰੁਪਏ ਦੀ ਨਗਦ ਰਾਸ਼ੀ ਦੇਣ ਦਾ ਮਹਿਜ਼ ਐਲਾਨ ਹੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਖਿਡਾਰੀ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਮਾਮਲਾ ਖੇਡ ਵਿਭਾਗ ਦੇ ਧਿਆਨ ਵਿੱਚ ਕਰੀਬ ਪੰਜ ਮਹੀਨੇ ਪਹਿਲਾਂ ਹੀ ਆਇਆ ਸੀ ਅਤੇ ਉਦੋਂ ਤੋਂ ਹੀ ਵਿਭਾਗ ਨੇ ਸਹਾਇਤਾ ਰਾਸ਼ੀ ਦੇਣ ਦੀ ਪ੍ਰਕਿਰਿਆ ਅਰੰਭੀ ਹੋਈ ਸੀ।