ਕਾਠਮੰਡੂ, 20 ਮਈ- ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨੇ ਅੱਜ ਸੰਸਦ ਵਿਚ ਵਿਸ਼ਵਾਸ ਮਤ ਜਿੱਤ ਲਿਆ, ਜੋ ਉਨ੍ਹਾਂ ਦੇ ਅਹੁਦਾ ਸੰਭਾਲਣ ਦੇ 18 ਮਹੀਨਿਆਂ ਦੇ ਅੰਦਰ ਉਨ੍ਹਾਂ ਦੀ ਚੌਥੀ ਸ਼ਕਤੀ ਪ੍ਰੀਖਿਆ ਸੀ। ਨੇਪਾਲ ਦੇ ਪ੍ਰਤੀਨਿਧ ਸਦਨ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਆਗੂ ਪ੍ਰਚੰਡ ਨੂੰ 275 ਮੈਂਬਰੀ ਪ੍ਰਤੀਨਿਧ ਸਦਨ ਵਿੱਚ 157 ਵੋਟਾਂ ਮਿਲੀਆਂ। ਕੁੱਲ 158 ਸੰਸਦ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਲਿਆ। ਮੁੱਖ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਨੇ ਵੋਟਿੰਗ ਪ੍ਰਕਿਰਿਆ ਦਾ ਬਾਈਕਾਟ ਕੀਤਾ।
ਪ੍ਰਤੀਨਿਧ ਸਦਨ ਦਾ ਇੱਕ ਮੈਂਬਰ ਨਿਰਪੱਖ ਰਿਹਾ। ਤਾਕਤ ਦਾ ਇਹ ਪ੍ਰਦਰਸ਼ਨ ਪਿਛਲੇ ਹਫ਼ਤੇ ਗਠਜੋੜ ਦੀ ਭਾਈਵਾਲ ਜਨਤਾ ਸਮਾਜਵਾਦੀ ਪਾਰਟੀ ਵੱਲੋਂ ਗੱਠਜੋੜ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਤੋਂ ਕੁਝ ਦਿਨ ਬਾਅਦ ਆਇਆ ਹੈ। ਦਸੰਬਰ 2022 ਵਿੱਚ ਪ੍ਰਚੰਡ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਚੌਥੀ ਵਾਰ ਹੈ ਜਦੋਂ ਸੰਸਦ ਵਿੱਚ ਭਰੋਸੇ ਦਾ ਵੋਟ ਹੋਇਆ ਹੈ। ਸੰਵਿਧਾਨਕ ਵਿਵਸਥਾਵਾਂ ਦੇ ਅਨੁਸਾਰ ਜੇਕਰ ਕੋਈ ਸਹਿਯੋਗੀ ਪਾਰਟੀ ਸੱਤਾਧਾਰੀ ਗਠਜੋੜ ਤੋਂ ਸਮਰਥਨ ਵਾਪਸ ਲੈ ਲੈਂਦੀ ਹੈ ਤਾਂ ਪ੍ਰਧਾਨ ਮੰਤਰੀ ਨੂੰ ਭਰੋਸੇ ਦਾ ਵੋਟ ਲੈਣਾ ਪੈਂਦਾ ਹੈ।