ਗੁਰਦਾਸਪੁਰ 16 ਮਈ 2024- ਜ਼ਿਲ੍ਹਾ ਪੱਧਰੀ ਡੇਂਗੁ ਦਿਵਸ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਪ੍ਰਧਾਨਗੀ ਹੇਠ ਜੀ ਅਨ ਐਮ ਸਕੂਲ ਬੱਬਰੀ ਵਿਖੇ ਮਨਾਇਆ ਗਿਆ। ਇਸ ਮੌਕੇ ਡਾ. ਹਰਭਜਨ ਰਾਮ ਨੇ ਦੱਸਿਆ ਕਿ ਹਰ ਸਾਲ 16 ਮਈ ਨੂੰ ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ। ਉਹਨਾਂ ਕਿਹਾ ਕਿ ਡੇਂਗੂ ਦਾ ਇਲਾਜ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਜਾਣਕਾਰੀ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ।
ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ। ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਏਡੀਜ਼ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ। ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ। ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਡੇਂਗੂ ਵਾਇਰਸ ਮੱਛਰ ਦੀ ਲਾਰ ਨਾਲ ਉਸ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਜਿਸ ਕਾਰਨ ਡੇਂਗੂ ਰੋਗ ਹੋ ਜਾਂਦਾ ਹੈ ਅਤੇ ਵਿਅਕਤੀ ਬੁਖਾਰ, ਫਲੂ ਵਰਗੇ ਲੱਛਣਾਂ ਅਤੇ ਗੰਭੀਰ ਦਰਦ ਤੋਂ ਪੀੜਤ ਹੋ ਜਾਂਦਾ ਹੈ। ਇਸ ਬੁਖਾਰ ਵਿੱਚ ਹੱਡੀਆਂ ਦੇ ਟੁੱਟਣ ਜਿਹੀ ਪੀੜ ਹੁੰਦੀ ਹੈ। ਇਸ ਲਈ ਇਸ ਨੂੰ ਹੱਡੀ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ।
ਜਿਲ੍ਹਾ ਐਪੀਡਮੋਲੋਜਿਸਟ ਡਾ. ਪ੍ਰਬਜੋਤ ਕਲਸੀ ਨੇ ਦਸਿਆ ਕਿ ਡੇਂਗੂ ਦੇ ਲੱਛਣ ਬੁਖਾਰ, ਸਿਰਦਰਦ, ਚਮੜੀ ’ਤੇ ਚੇਚਕ ਵਰਗੇ ਲਾਲ ਧੱਬੇ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹਨ। ਡੇਂਗੂ ਤੋਂ ਬਚਾਅ ਦਾ ਸਭ ਤੋਂ ਅਸਰਦਾਰ ਤਰੀਕਾ ਮੱਛਰਾਂ ਦੀ ਗਿਣਤੀ ਵਧਣ ਉੱਤੇ ਕਾਬੂ ਪਾਉਣਾ ਹੈ। ਇਸ ਦੇ ਲਈ ਜਾਂ ਤਾਂ ਮੱਛਰਾਂ ਦੇ ਲਾਰਵੇ ਉੱਤੇ ਜਾਂ ਬਾਲਗ ਮੱਛਰਾਂ ਦੀ ਆਬਾਦੀ ਉੱਤੇ ਕੰਟਰੋਲ ਕਰਨਾ ਹੈ। ਏਡੀਜ਼ ਮੱਛਰ ਟਾਇਰਾਂ, ਬੋਤਲਾਂ, ਕੂਲਰਾਂ, ਗੁਲਦਸਤਿਆਂ ਆਦਿ ਵਿੱਚ ਖੜ੍ਹੇ ਪਾਣੀ ਵਿੱਚ ਫੈਲਦੇ ਹਨ, ਇਸ ਲਈ ਇਨ੍ਹਾਂ ਨੂੰ ਅਕਸਰ ਖਾਲੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਮੱਛਰਾਂ ਦਾ ਲਾਰਵਾ ਕੰਟਰੋਲ ਹੋਵੇਗਾ।