ਕੈਲੀਫੋਰਨੀਆ – ਕੈਲੀਫੋਰਨੀਆ ਵਿੱਚ ਪੁਲਿਸ ਵੱਲੋਂ ਇੱਕ ਵਾਹਨ ਦਾ ਪਿੱਛਾ ਕਰਦਿਆਂ ਹੋਏ ਵਾਪਰੇ ਹਾਦਸੇ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਹੈ।ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਸਵੇਰੇ ਪਿੱਛਾ ਕੀਤਾ ਜਾ ਰਿਹਾ ਇੱਕ ਪਿਕਅਪ ਟਰੱਕ, ਇੱਕ ਕਾਰ ਨਾਲ ਟਕਰਾਉਣ ਦੇ ਬਾਅਦ ਇੱਕ ਕੰਧ ਤੋੜਦਿਆਂ ਇੱਕ ਸਵਿੰਮਗ ਪੂਲ ਵਿੱਚ ਜਾ ਡਿੱਗਾ, ਜਿਸ ਕਾਰਨ ਗਾਰਡਨ ਗਰੋਵ ਪੁਲਿਸ ਅਨੁਸਾਰ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।ਜਿਹਨਾਂ ਵਿੱਚੋਂ ਦੋ ਪਿਕਅਪ ਟਰੱਕ ਵਿੱਚ ਸਵਾਰ ਸਨ ਅਤੇ ਇੱਕ ਦੂਸਰੀ ਕਾਰ ਦਾ ਡਰਾਈਵਰ ਸੀ।ਇਸ ਮਾਮਲੇ ਵਿੱਚ 39 ਸਾਲਾ ਮਾਈਕਲ ਕਲਾਗਸਟਨ ਓਵਰਟਾਈਮ ਸ਼ਿਫਟ ਕੰਮ ਕਰਨ ਲਈ ਡਰਾਈਵਿੰਗ ਕਰ ਰਿਹਾ ਸੀ, ਜਿਸਨੂੰ ਇੱਕ ਪਿਕਅਪ ਟਰੱਕ ਦੁਆਰਾ ਟੱਕਰ ਮਾਰੀ ਗਈ। ਇਸ ਟਰੱਕ ਦਾ ਇੱਕ ਪਾਰਕਿੰਗ ਵਿੱਚੋਂ ਤੇਜ਼ੀ ਨਾਲ ਨਿਕਲਣ ਸਮੇਂ ਪੁਲਿਸ ਦੁਆਰਾ ਪਿੱਛਾ ਕੀਤਾ ਜਾ ਰਿਹਾ ਸੀ। ਇਸ ਹਾਦਸੇ ਵਿੱਚ ਕਲਾਗਸਟਨ ਦੀ ਕਾਰ ਪਲਟ ਗਈ ਅਤੇ ਪਿਕਅਪ ਟਰੱਕ ਦੀਵਾਰ ਤੋੜਦਿਆਂ ਪੂਲ ਵਿੱਚ ਜਾ ਡਿੱਗਾ। ਪੁਲਿਸ ਅਧਿਕਾਰੀ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਸਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਟਰੱਕ ਨੂੰ ਪੂਲ ਵਿੱਚੋਂ ਕੱਢਦਿਆਂ ਇੱਕ ਹੋਰ ਲਾਸ਼ ਮਿਲੀ ਜਦਕਿ ਕਾਰ ਡਰਾਈਵਰ ਦੀ ਹਸਪਤਾਲ ਵਿੱਚ ਜਾਣ ਦੇ ਬਾਅਦ ਮੌਤ ਹੋਈ।