ਫਤਿਹਗੜ੍ਹ ਸਾਹਿਬ :- 02 ਮਈ 2024-ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਅਚਨਚੇਤ ਚੈਕਿੰਗ ਕੀਤੀ, ਇਸ ਚੈਕਿੰਗ ਦੌਰਾਨ ਉਹਨਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ । ਇਸ ਮੌਕੇ ਡਾਕਟਰ ਦਵਿੰਦਰਜੀਤ ਕੌਰ ਨੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਫੀਲਡ ਸਰਵੇ ਕੀਤਾ ਜਾਵੇ ਅਤੇ ਗਰਭਵਤੀਆਂ ਦੀ ਅਰਲੀ ਰਜਿਸਟਰੇਸ਼ਨ ਕਰਨੀ ਯਕੀਨੀ ਬਣਾਈ ਜਾਵੇ। ਰਜਿਸਟਰੇਸ਼ਨ ਦੌਰਾਨ ਹਾਈ ਰਿਸਕ ਕੇਸਾਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਉਹਨਾਂ ਕਿਹਾ ਕਿ ਕੋਈ ਵੀ ਜਣੇਪਾ ਘਰਾਂ ਵਿੱਚ ਨਾ ਹੋਣ ਦਿੱਤਾ ਜਾਵੇ ਅਤੇ ਸਾਰੇ ਜਣੇਪੇ ਸੰਸਥਾਗਤ ਕਰਵਾਏ ਜਾਣੇ ਯਕੀਨੀ ਬਣਾਏ ਜਾਣ ਅਤੇ ਜੱਚਾ ਬੱਚਾ ਸਿਹਤ ਸੇਵਾਵਾਂ ਪੂਰਨ ਰੂਪ ਵਿੱਚ ਆਮ ਲੋਕਾਂ ਨੂੰ ਉਪਲਬਧ ਕਰਵਾਈਆਂ ਜਾਣ। ਉਹਨਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਇਲਾਜ ਕਰਾਉਣ ਲਈ ਆਏ ਸਾਰੇ ਮਰੀਜ਼ਾਂ ਦਾ ਡਾਟਾ ਆਨਲਾਈਨ ਕਰਨ ਤਾਂ ਕਿ ਵਿਭਾਗ ਨੂੰ ਸਿਹਤ ਸਕੀਮਾਂ ਬਣਾਉਣ ਸਬੰਧੀ ਅੰਕੜੇ ਉਪਲਬਧ ਹੋ ਸਕਣ, ਅਜਿਹਾ ਕਰਨ ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੋਣ ਨਾਲ ਉਹਨਾਂ ਦਾ ਇਲਾਜ ਸੌਖਾ ਅਤੇ ਜਲਦੀ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨਾ ਸਿਹਤ ਸੈਂਟਰ ਦੀ ਸਾਫ ਸਫਾਈ ਵੱਲ ਵਿਸ਼ੇਸ਼ ਤਵੱਜੋ ਦੇਣ ਲਈ ਕਿਹਾ । ਉਹਨਾਂ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਸਬੰਧੀ ਹਦਾਇਤ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਇਸਦਾ ਨਿਪਟਾਰਾ ਕੀਤਾ ਜਾਵੇ। ਉਹਨਾਂ ਕਲੀਨਿਕ ਵਿੱਚ ਦਵਾਈਆਂ ਤੇ ਮੈਡੀਕਲ ਲੈਬਾਰਟਰੀ ਟੈਸਟਾਂ ਦਾ ਸਟਾਕ ਚੈੱਕ ਕੀਤਾ ਅਤੇ ਕਲੀਨਿਕ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਤਸੱਲੀ ਪ੍ਰਗਟ ਕੀਤੀ। ਉਹਨਾਂ ਕਲੀਨਿਕ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਵੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।