ਗੁਰਦਾਸਪੁਰ 2 ਮਈ 2024-ਬਾਰ ਐਸੋਸੀਏਸ਼ਨ ਬਟਾਲਾ ਅਤੇ ਥਾਨਾ ਸਿਟੀ ਬਟਾਲਾ ਦੀ ਲੇਡੀ ਐਸ ਐਚ ਓ ਖੁਸ਼ਬੂ ਸ਼ਰਮਾ ਵਿਚਕਾਰ ਬੀਤੀ ਸ਼ਾਮ ਜੰਮ ਕੇ ਵਿਵਾਦ ਹੋਇਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਕਾਹਲੋਂ ਨੇ ਦੋਸ਼ ਲਗਾਏ ਹਨ ਕਿ ਬੁੱਧਵਾਰ ਸ਼ਾਮ ਨੂੰ ਥਾਣਾ ਸਿਟੀ ਦੀ ਮਹਿਲਾ ਥਾਣਾ ਇੰਚਾਰਜ ਦੇ ਕਹਿਣ ‘ਤੇ ਉਨ੍ਹਾਂ ਨੂੰ ਅੱਧਾ ਘੰਟਾ ਥਾਣੇ ‘ਚ ਬੰਦ ਰੱਖਿਆ ਗਿਆ।
ਐਸਐਚਓ ਦੇ ਹੁਕਮਾਂ ’ਤੇ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗੁੱਸਾਏ ਵਕੀਲਾਂ ਨੇ ਅੱਜ ਕਚਹਿਰੀ ਦਾ ਕੰਮ ਕਾਜ ਠੱਪ ਰੱਖਣ ਦੀ ਚੇਤਾਵਨੀ ਦੇ ਦਿੱਤੀ ਹੈ। ਦੂਜੇ ਪਾਸੇ ਲੇਡੀ ਐਸਐਚ ਓ ਖੁਸ਼ਬੂ ਸ਼ਰਮਾ ਦਾ ਦੋਸ਼ ਹੈ ਕਿ ਵਕੀਲਾਂ ਨੇ ਥਾਣੇ ਵਿੱਚ ਖੂਬ ਹੰਗਾਮਾ ਕੀਤਾ ਹੈ ਜਿਸ ਦੇ ਅਧਾਰ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਬੁੱਧਵਾਰ ਸ਼ਾਮ ਨੂੰ ਬਟਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਕਾਹਲੋਂ ਆਪਣੇ ਇੱਕ ਵਕੀਲ ਦੇ ਸਮਰਥਨ ਵਿੱਚ ਥਾਣਾ ਸਿਟੀ ਵਿਖੇ ਗਏ। ਬਾਰ ਦੇ ਕੁਝ ਅਧਿਕਾਰੀ ਅਤੇ ਹੋਰ ਸੀਨੀਅਰ ਵਕੀਲ ਵੀ ਉਨ੍ਹਾਂ ਦੇ ਨਾਲ ਸਨ। ਮਾਮਲਾ ਇੱਕ ਜਗਹਾ ਦੇ ਝਗੜੇ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਨੇ ਇੱਕ ਵਕੀਲ ਤੇ ਜ਼ਬਰਦਸਤੀ ਕੰਧ ਢਾਉਣ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਕੀਤੀ ਸੀ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਕਾਹਲੋਂ ਅਤੇ ਵਕੀਲਾਂ ਨੇ ਦੋਸ਼ ਲਾਇਆ ਕਿ ਥਾਣਾ ਇੰਚਾਰਜ ਖੁਸ਼ਬੂ ਸ਼ਰਮਾ ਨੇ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਜਦੋਂ ਉਹ ਥਾਣੇ ਅੰਦਰ ਗੱਲਬਾਤ ਕਰ ਰਹੇ ਸਨ ਤਾਂ ਐਸਐਚ ਓ ਖੁਸ਼ਬੂ ਸ਼ਰਮਾ ਨੇ ਗੇਟ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਬਾਹਰਲਾ ਗੇਟ ਬੰਦ ਕਰਨ ਦੇ ਹੁਕਮ ਦਿੱਤੇ ਅਤੇ ਅੱਧੇ ਘੰਟੇ ਤੱਕ ਉਨ੍ਹਾਂ ਨੂੰ ਥਾਣੇ ਅੰਦਰੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਵਕੀਲਾਂ ਅਨੁਸਾਰ ਉਹ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆਂ ਅਦਾਲਤ ਦਾ ਕੰਮਕਾਜ ਠੱਪ ਰੱਖਣਗੇ ਅਤੇ ਕਿਸੇ ਵੀ ਮੁਕਦਮੇ ਦੀ ਪੈਰਵਾਈ ਨਹੀਂ ਕਰਨਗੇ।
ਦੂਜੇ ਪਾਸੇ ਥਾਣੇ ਸਿਟੀ ਦੀ ਐਸਐਚ ਓ ਖੁਸ਼ਬੂ ਸ਼ਰਮਾ ਨੇ ਦੋਸ਼ ਲਗਾਏ ਕਿ ਵਕੀਲਾਂ ਦੇ ਇੱਕ ਸਾਥੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਸ਼ਿਕਾਇਤ ਕਰਤਾ ਦੀ ਕੰਧ ਢਾਹ ਦਿੱਤੀ ਗਈ ਸੀ ਜਿਸ ਦੀ ਸ਼ਿਕਾਇਤ ਤੇ ਵਕੀਲਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਥਾਣੇ ਵਿੱਚ ਹੰਗਾਮਾ ਕੀਤਾ। ਲੇਡੀ ਐਸ ਐਚ ਓ ਨੇ ਇਸ ਗੱਲ ਨੂੰ ਨਕਾਰਿਆ ਕਿ ਵਕੀਲਾਂ ਨੂੰ ਥਾਣੇ ਅੰਦਰ ਬੰਦ ਕਰਕੇ ਰੱਖਿਆ ਗਿਆ ਸੀ।
ਉਹਨਾਂ ਕਿਹਾ ਕਿ ਸੰਤਰੀ ਨੇ ਐਸਐਚ ਓ ਤੋਂ ਪੁੱਛੇ ਬਿਨਾਂ ਗੇਟ ਖੋਲਣ ਲਈ ਮਨਾ ਜਰੂਰ ਕੀਤਾ ਸੀ ਕਿਉਂਕਿ ਸੰਤਰੀ ਨੂੰ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਥਾਣੇ ਤੋ ਬਾਹਰ ਜਾਣ ਵਾਲਾ ਕਿਤੇ ਕੋਈ ਦੋਸ਼ੀ ਤਾਂ ਨਹੀਂ ਹੈ। ਉਹਨਾਂ ਕਿਹਾ ਕਿ ਰਾਜੀਨਾਮਾ ਨਾ ਹੋਣ ਦੀ ਸੂਰਤ ਵਿੱਚ ਕੰਧ ਢਾਉਣ ਵਾਲੇ ਵਕੀਲ ਖਿਲਾਫ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜਦ ਕਿ ਵਕੀਲਾਂ ਖਿਲਾਫ ਵੀ ਥਾਣੇ ਵਿੱਚ ਹੰਗਾਮਾ ਕਰਨ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾ ਸਕਦੀ ਹੈ।