ਨਵੀਂ ਦਿੱਲੀ, ਮਈ-ਲੌਕਡਾਊਨ-4 ਦੌਰਾਨ ਮਿਲੀ ਖੁੱਲ੍ਹ ਮਗਰੋਂ 24 ਮਾਰਚ ਤੋਂ ਘਰਾਂ ਵਿੱਚ ਬੰਦ ਲੋਕ ਆਪਣੇ ਵਾਹਨਾਂ ਨਾਲ ਸੜਕਾਂ ਉਪਰ ਨਿਕਲੇ ਜਿਸ ਮਗਰੋਂ ਰਾਜਧਾਨੀ ਦੀਆਂ ਹੱਦਾਂ ’ਤੇ ਹੋਰ ਅਹਿਮ ਸੜਕਾਂ ਉਪਰ ਦੂਜੇ ਦਿਨ ਵੀ ਜਾਮ ਵਾਲੀ ਹਾਲਤ ਫਿਰ ਬਣੀ। ਥਾਂ-ਥਾਂ ਲੋਕ ਗੱਡੀਆਂ ਕਾਰਨ ਲੱਗੇ ਜਾਮ ਵਿੱਚ ਫਸ ਗਏ। ਦੂਜੇ ਪਾਸੇ ਨੋਇਡਾ ਲਈ ਦਿੱਲੀ ਤੋਂ ਜਾਣ ਵਾਲਿਆਂ ਲਈ ਅੱਜ ਵੀ ‘ਨੋ-ਇੰਟਰੀ’ ਰਹੀ ਤੇ ਉਹੀ ਲੋਕ ਜਾ ਸਕੇ ਜਿਨ੍ਹਾਂ ਕੋਲ ਈ-ਪਾਸ ਸਨ।
ਲੌਕਡਾਊਨ-4 ਦੇ ਦੂਜੇ ਦਿਨ ਮਿਲੀ ਰਿਆਇਤ ਦੌਰਾਨ ਦਿੱਲੀ ਸ਼ਹਿਰ ਵਿੱਚ ਜਿਸਤ-ਟਾਂਕ ਫਾਰਮੂਲੇ ਤਹਿਤ ਦੁਕਾਨਾਂ ਖੁੱਲ੍ਹੀਆਂ ਤੇ ਰਾਜਧਾਨੀ ਵਿੱਚ ਲੋਕਾਂ ਦੀਆਂ ਗੱਡੀਆਂ ਦਾ ਹੜ੍ਹ ਆ ਗਿਆ। ਦਿੱਲੀ-ਗੁਰੂਗ੍ਰਾਮ, ਦਿੱਲੀ-ਨੋਇਡਾ ਤੇ ਦਿੱਲੀ-ਫਰੀਦਾਬਾਦ ਸਮੇਤ ਹੋਰ ਦਿੱਲੀ ਦੇ ਅੰਦਰੂਨੀ ਹਿੱਸਿਆਂ ਵਿੱਚ ਗੱਡੀਆਂ ਦੀਆਂ ਕਤਾਰਾਂ ਸਵੇਰੇ ਦੇਖੀਆਂ ਗਈਆਂ। ਸ਼ਾਮ ਨੂੰ ਦਿੱਲੀ ਸਕੱਤਰੇਤ ਕੋਲ ਆਈਟੀਓ ’ਤੇ ਵੀ ਜਾਮ ਦੀ ਹਾਲਤ ਬਣੀ ਰਹੀ।
ਦਿੱਲੀ ਟਰੈਫ਼ਿਕ ਪੁਲੀਸ ਵੱਲੋਂ ਅੱਜ ਟਰੈਫ਼ਿਕ ਪ੍ਰਬੰਧਾਂ ਦੀ ਤਿਆਰੀ ਤਹਿਤ ਆਪਣੀ ਪੂਰੀ ਸਮਰੱਥਾ ਮੁਤਾਬਕ ਜਵਾਨ ਸੜਕਾਂ ਉਪਰ ਉਤਾਰੇ ਗਏ ਪਰ ਫਿਰ ਵੀ ਅਚਾਨਕ ਲੋਕਾਂ ਦੀਆਂ ਰਾਜਧਾਨੀ ਦੀਆਂ ਸੜਕਾਂ ਕਾਰਾਂ ਤੇ ਦੋ ਪਹੀਆ ਵਾਹਨ ਆ ਗਏ। ਦਿੱਲੀ ਵਿੱਚ ਲੌਕਡਾਊਨ ਦੌਰਾਨ ਬਹੁਤ ਸਾਰੇ ਬਜ਼ਾਰ ਖੁੱਲ੍ਹ ਚੁੱਕੇ ਹਨ। ਕਈ ਲੋਕਾਂ ਨੇ ਦੱਸਿਆ ਕਿ ਉਹ ਆਪਣੀਆਂ ਗੱਡੀਆਂ ਰਾਹੀਂ ਆਉਣ ਨੂੰ ਪਹਿਲ ਦਿੱਤੀ ਕਿ ਕਰੋਨਾ ਦੀ ਲਾਗ ਦਾ ਅਜੇ ਵੀ ਡਰ ਹੈ ਅਤੇ ਬੱਸਾਂ ਵਿੱਚ 20 ਸਵਾਰੀਆਂ ਤੇ ਆਟੋ/ਟੈਕਸੀਆਂ ਵਿੱਚ ਵੀ ਘੱਟ ਸਵਾਰੀਆਂ ਦੀ ਆਗਿਆ ਹੋਣ ਕਰਕੇ ਆਪਣੇ ਵਾਹਨਾਂ ਨੂੰ ਪਹਿਲ ਦਿੱਤੀ।
ਲੌਕਡਾਊਨ ਦੌਰਾਨ ਰਾਜਾਂ ਵੱਲੋਂ ਇੱਕ ਦੂਜੇ ਰਾਜ ਵਿੱਚ ਜਾਣ ਲਈ ਢਿੱਲ ਦੇਣ ਲਈ ਰਾਜ਼ੀ ਹੋਣ ਦੇ ਬਾਵਜੂਦ ਨੋਇਡਾ ਪ੍ਰਸ਼ਾਸਨ ਵੱਲੋਂ ਦਿੱਲੀ ਤੇ ਗਾਜ਼ੀਆਬਾਦ ਤੋਂ ਇਸ ਆਧੁਨਿਕ ਸਨਅਤੀ ਸ਼ਹਿਰ ਵਿੱਚ ਉਨ੍ਹਾਂ ਲੋਕਾਂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਜੋ ਬਿਨ੍ਹਾਂ ਪਾਸ ਸਨ। ਨੋਇਡਾ ਵਿੱਚ ਅੱਜ ਵੀ ਹਰੇਕ ਗੱਡੀ ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਹੀ ਜਾਣ ਦਿੱਤਾ ਗਿਆ ਤੇ ਕਤਾਰਾਂ ਲੱਗ ਗਈਆਂ। ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਪੂਰਬੀ ਇਲਾਕਿਆਂ ਵਿੱਚ 16 ਪਿਕਟ ਬਣਾ ਕੇ ਟਰੈਫ਼ਿਕ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਪੁਲੀਸ ਦੇ ਪੂਰਬੀ ਦਿੱਲੀ ਤੋਂ ਡੀਸੀਪੀ ਜਸਮੀਤ ਸਿੰਘ ਨੇ ਦੱਸਿਆ ਕਿ ਆਨੰਦ ਵਿਹਾਰ ਤੋਂ ਉੱਤਰ ਪ੍ਰਦੇਸ਼, ਬਿਹਾਰ ਤੇ ਉੱਤਰਾਖੰਡ ਲਈ ਬੱਸ ਸੇਵਾ ਨਹੀਂ ਸ਼ੁਰੂ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਸ ਅੱਡੇ ਉਪਰ ਜਮ੍ਹਾਂ ਨਾ ਹੋਣ ਤੇ ਘਰਾਂ ਵਿੱਚੋਂ ਨਾ ਨਿਕਲਣ। ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿੱਚ ਇਕ ਬੱਸ ਵਿੱਚ ਸਿਰਫ਼ 20 ਸਵਾਰੀਆਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਫ਼ਰ ਕਰਨ ਦੀ ਮਨਜ਼ੂਰੀ ਨਾਲ ਡੀਟੀਸੀ ਦੀ ਬੱਸ ਸਰਵਿਸ ਸ਼ੁਰੂ ਕੀਤੀ ਹੈ।