ਮੁੰਬਈ, 23 ਅਪ੍ਰੈਲ – ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ ਤੇ ਨੂਡਲਜ਼ ਦੇ ਪੈਕਟਾਂ ਵਿੱਚ ਲੁਕਾਏ ਹੀਰੇ ਅਤੇ ਯਾਤਰੀਆਂ ਦੇ ਸਰੀਰ ਦੇ ਅੰਗਾਂ ਅਤੇ ਸਾਮਾਨ ਵਿਚ ਲੁਕਾਏ ਸੋਨੇ ਨੂੰ ਜ਼ਬਤ ਕੀਤਾ ਹੈ, ਜਿਸ ਦੀ ਕੁੱਲ ਕੀਮਤ 6.46 ਕਰੋੜ ਰੁਪਏ ਹੈ। ਕਸਟਮ ਅਧਿਕਾਰੀ ਨੇ ਬੀਤੀ ਦੇਰ ਰਾਤ ਕਿਹਾ ਕਿ ਹਫਤੇ ਦੇ ਅੰਤ ਵਿੱਚ 4.44 ਕਰੋੜ ਰੁਪਏ ਮੁੱਲ ਦਾ 6.815 ਕਿਲੋਗ੍ਰਾਮ ਤੋਂ ਵੱਧ ਸੋਨਾ ਅਤੇ 2.02 ਕਰੋੜ ਰੁਪਏ ਦੇ ਹੀਰੇ ਜ਼ਬਤ ਕਰਨ ਤੋਂ ਬਾਅਦ ਚਾਰ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਤੋਂ ਬੈਂਕਾਕ ਜਾ ਰਹੇ ਭਾਰਤੀ ਨਾਗਰਿਕ ਨੂੰ ਰੋਕਿਆ ਗਿਆ ਅਤੇ ਉਸ ਦੇ ਟਰਾਲੀ ਬੈਗ ਵਿੱਚ ਨੂਡਲਜ਼ ਦੇ ਪੈਕਟਾਂ ਵਿੱਚ ਲੁਕਾਏ ਹੀਰਿਆਂ ਨੂੰ ਜ਼ਬਤ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਕੋਲੰਬੋ ਤੋਂ ਮੁੰਬਈ ਜਾ ਰਹੀ ਵਿਦੇਸ਼ੀ ਨਾਗਰਿਕ ਨੂੰ ਰੋਕਿਆ ਗਿਆ ਅਤੇ ਉਸ ਦੇ ਅੰਡਰਗਾਰਮੈਂਟਸ ਵਿੱਚ 321 ਗ੍ਰਾਮ ਦੇ ਸ਼ੁੱਧ ਵਜ਼ਨ ਵਾਲੇ ਸੋਨੇ ਦੀਆਂ ਛੜਾਂ ਅਤੇ ਇੱਕ ਕੱਟਿਆ ਹੋਇਆ ਟੁਕੜਾ ਮਿਲਿਆ। ਇਸ ਤੋਂ ਇਲਾਵਾ ਵੱਖ ਵੱਖ ਜਾਂਚ ਦੌਰਾਨ ਮੁਸਾਫ਼ਰਾਂ ਦੇ ਸਰੀਰ ਅੰਦਰ ਲੁਕਾਏ ਸੋਨੇ ਨੂੰ ਜ਼ਬਤ ਕਰਕੇ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।