ਮੁੰਬਈ, 23 ਅਪ੍ਰੈਲ – ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਵਿਚ ਕਥਿਤ ਤੌਰ ਤੇ ਵਰਤੇ ਹਥਿਆਰਾਂ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਦੌਰਾਨ ਗੁਜਰਾਤ ਦੀ ਤਾਪੀ ਨਦੀ ਵਿੱਚੋਂ ਦੋ ਪਿਸਤੌਲ, ਮੈਗਜ਼ੀਨ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਤੋਂ ਸ਼ੁਰੂ ਹੋਈ ਤਲਾਸ਼ੀ ਦੌਰਾਨ ਅਪਰਾਧ ਸ਼ਾਖਾ ਨੇ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ 13 ਗੋਲੀਆਂ ਬਰਾਮਦ ਕੀਤੀਆਂ ਹਨ। ਐਨਕਾਊਂਟਰ ਸਪੈਸ਼ਲਿਸਟ ਸੀਨੀਅਰ ਪੁਲੀਸ ਇੰਸਪੈਕਟਰ ਦਯਾ ਨਾਇਕ ਸਮੇਤ 12 ਅਧਿਕਾਰੀਆਂ ਦੀ ਟੀਮ ਹਾਲੇ ਵੀ ਮੌਕੇ ਤੇ ਮੌਜੂਦ ਹੈ। ਸਕੂਬਾ ਗੋਤਾਖੋਰਾਂ ਦੀ ਮਦਦ ਨਾਲ ਖੋਜ ਜਾਰੀ ਹੈ। ਗ੍ਰਿਫਤਾਰ ਕੀਤੇ ਦੋ ਮੁਲਜ਼ਮਾਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੇ 14 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਗਲੈਕਸੀ ਅਪਾਰਟਮੈਂਟ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਅਤੇ ਫਿਰ ਮੋਟਰਸਾਈਕਲ ਤੇ ਮੌਕੇ ਤੋਂ ਫਰਾਰ ਹੋ ਗਏ।
ਤਕਨੀਕੀ ਨਿਗਰਾਨੀ ਦੇ ਆਧਾਰ ਤੇ ਉਨ੍ਹਾਂ ਨੂੰ 16 ਅਪ੍ਰੈਲ ਨੂੰ ਮੁੰਬਈ ਅਤੇ ਕੱਛ ਪੁਲੀਸ ਦੀਆਂ ਸਾਂਝੀਆਂ ਟੀਮਾਂ ਨੇ ਗੁਜਰਾਤ ਦੇ ਭੁਜ ਕਸਬੇ ਨੇੜੇ ਗ੍ਰਿਫਤਾਰ ਕੀਤਾ ਸੀ। ਦੋਵਾਂ ਨੇ ਪੁੱਛ ਪੜਤਾਲ ਦੌਰਾਨ ਪੁਲੀਸ ਨੂੰ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁੰਬਈ ਤੋਂ ਸੜਕ ਰਾਹੀਂ ਸੂਰਤ ਪਹੁੰਚਣ ਤੋਂ ਬਾਅਦ ਰੇਲਗੱਡੀ ੳਿੱਚ ਭੁਜ ਜਾ ਰਹੇ ਸਨ ਤਾਂ ਉਨ੍ਹਾਂ ਨੇ ਹਥਿਆਰ ਨੂੰ ਰੇਲਵੇ ਪੁਲ ਤੋਂ ਤਾਪੀ ਨਦੀ ਵਿੱਚ ਸੁੱਟ ਦਿੱਤਾ।