ਐਸ ਏ ਐਸ ਨਗਰ, 21 ਜੂਨ – ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵਲੋਂ ਪਾਕਿ ਖੁਫੀਆ ਏਜੰਸੀ ਆਈ.ਐਸ.ਆਈ ਦੁਆਰਾ ਸਮਰਥਿਤ ਇੱਕ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਵਲੋਂ ਮੁਹਾਲੀ ਤੋਂ ਇਸ ਗਿਰੋਹ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਤੋਂ .30 ਬੋਰ ਦੇ ਦੋ ਪਿਸਤੌਲਾਂ ਸਮੇਤ ਦਸ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਸਟੇਟ ਸਪੈਸ਼ਲ ਆਪਰੇਸ਼ਨ ਸੈਲ ਮੁਹਾਲੀ ਦੇ ਏ.ਆਈ.ਜੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਉਰਫ਼ ਅਰਮਾਨ ਚੌਹਾਨ ਵਾਸੀ ਪਿੰਡ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਅਤੇ ਰੋਹਿਤ ਸਿੰਘ ਵਾਸੀ ਰਾਜਸਥਾਨ ਸ੍ਰੀ ਗੰਗਾਨਗਰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਪੰਜਾਬ ਵਿੱਚ ਐਨ ਡੀ ਪੀ ਐਸ ਤਹਿਤ ਕੇਸ ਦਰਜ ਹਨ। ਇਹ ਵਿਅਕਤੀ ਰਾਜਸਥਾਨ ਵਿੱਚ ਦਰਜ ਇੱਕ ਵਪਾਰਕ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੇਸ ਵਿੱਚ ਵੀ ਐਨ ਸੀ ਬੀ ਨੂੰ ਲੋੜੀਂਦੇ ਸਨ।
ਏ ਆਈ ਜੀ ਅਸ਼ਵਨੀ ਕਪੂਰ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਸਰਹੱਦ ਪਾਰ ਤਸਕਰੀ ਕਰਨ ਵਾਲੇ ਇੱਕ ਬਹੁਤ ਹੀ ਸੰਗਠਿਤ ਮਾਡਿਊਲ ਦੇ ਮੁੱਖ ਮੈਂਬਰ ਸਨ ਜਿਨ੍ਹਾਂ ਦੇ ਪਾਕਿਸਤਾਨ ਸਥਿਤ ਡਰੱਗ ਸਮੱਗਲਰਾਂ ਨਾਲ ਸਿੱਧੇ ਸਬੰਧ ਸਨ। ਉਹਨਾਂ ਕਿਹਾ ਕਿ ਇਹ ਮਾਡਿਊਲ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜੋ ਰਾਸ਼ਟਰੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਖ਼ਤਰਾ ਹੈ।
ਉਹਨਾਂ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਰਾ (ਜੋ ਪੇਸ਼ੇ ਤੋਂ ਇੱਕ ਮਾਡਲ ਅਤੇ ਗਾਇਕ ਹੈ) ਨੇ ਹਵਾਲਾ ਧਨ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਵਿਅਕਤੀ ਨੇ ਫੰਡ ਟਰਾਂਸਫਰ ਕਰਨ ਦਾ ਇੱਕ ਗੈਰਕਾਨੂੰਨੀ ਅਤੇ ਗੁਪਤ ਤਰੀਕਾ (ਜਿਸ ਨੇ ਸਰਹੱਦ ਪਾਰ ਤਸਕਰੀ ਦੀਆਂ ਗਤੀਵਿਧੀਆਂ ਲਈ ਵਿੱਤ ਨੂੰ ਹੋਰ ਸਮਰੱਥ ਬਣਾਇਆ) ਅਮਲ ਵਿੱਚ ਲਿਆਂਦਾ।
ਉਹਨਾਂ ਦੱਸਿਆ ਕਿ ਦੂਜਾ ਮੁਲਜ਼ਮ, ਰੋਹਿਤ ਸਿੰਘ ਰਾਜਸਥਾਨ ਅਤੇ ਪੰਜਾਬ ਸਰਹੱਦ ਦੇ ਨਾਲ ਪਾਕਿਸਤਾਨੀ ਇਕਾਈਆਂ ਨੂੰ ਲੋਕੇਸ਼ਨ ਕੋਆਰਡੀਨੇਟ ਪ੍ਰਦਾਨ ਕਰਦਾ ਸੀ ਅਤੇ ਇਸ ਤਰ੍ਹਾਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਬਰਾਮਦ ਕਰਨ ਦੀ ਸਹੂਲੀਤ ਦਿੰਦਾ ਸੀ।
ਏਆਈਜੀ ਨੇ ਕਿਹਾ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।