ਬਠਿੰਡਾ, 18 ਮਾਰਚ 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਪਹੁੰਚੇ ਅਤੇ ਇੱਕ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਅਤੇ ਵਾਰਡਾਂ ’ਚ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਸ਼ਹਿਰ ਵਾਸੀਆਂ ਦੀ ਸਿਆਸੀ ਨਬਜ਼ ਟੋਹੀ। ਸ਼ਹਿਰੀ ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇੰਨ੍ਹਾਂ ਮੀਟਿੰਗਾਂ ਵਿੱਚ ਸ਼ਹਿਰ ਵਾਸੀਆਂ ਦਾ ਪ੍ਰਭਾਵਸ਼ਾਲੀ ਇਕੱਠ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਵਪਾਰੀ ਵੀ ਰਾਜਾ ਵੜਿੰਗ ਨੂੰ ਮਿਲਣ ਲਈ ਪਹੁੰਚੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਕੇਕੇ ਅਗਰਵਾਲ, ਅਰੁਣ ਵਧਾਵਨ, ਬਲਜਿੰਦਰ ਸਿੰਘ ਠੇਕੇਦਾਰ, ਕੌਂਸਲਰ ਮਲਕੀਤ ਸਿੰਘ ,ਕਮਲਜੀਤ ਸਿੰਘ ਭੰਗੂ ਅਵਤਾਰ ਸਿੰਘ ਗੋਨਿਆਣਾ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਪੰਜਾਬ ਕਿਸ ਤੋਂ ਬਚਾਉਣਾ ਹੈ।
ਉਨ੍ਹਾਂ ਲੋਕ ਸਭਾ ਚੋਣਾਂ ਲਈ ਭਾਜਪਾ ਨਾਲ ਗਠਜੋੜ ਸਬੰਧੀ ਵੀ ਸਪਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਦੇ ਬਿੱਲਾਂ ਦਾ ਹਮਾਇਤ ਕੀਤੀ ਬਾਅਦ ਵਿੱਚ ਕਿਸਾਨਾਂ ਦੇ ਵਿਰੋਧ ਕਰਕੇ ਕੁਰਸੀ ਵੀ ਛੱਡੀ ਤੇ ਸਾਥ ਵੀ ਛੱਡਿਆ ਤਾਂ ਫਿਰ ਹੁਣ ਕਿਹੜੇ ਮੂੰਹ ਨਾਲ ਭਾਜਪਾ ਨਾਲ ਗਠਜੋੜ ਕਰਨਗੇ। ਰਾਜਾ ਵੜਿੰਗ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਮਸਲਿਆਂ ਤੇ ਵੀ ਕੇਂਦਰ ਦੀ ਕੋਈ ਸਪਸ਼ਟ ਨੀਤੀ ਨਾਂ ਹੋਣ ਕਰਕੇ ਅਕਾਲੀ ਦਲ ਨੂੰ ਦੋਗਲੀ ਸਿਆਸਤ ਨਾਂ ਕਰਨ ਦੀ ਨਸੀਹਤ ਦਿੱਤੀ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਪਾਰਟੀ ਮਜਬੂਤ ਅਤੇ ਜਿੱਤ ਹਾਸਲ ਕਰਨ ਵਾਲੇ ਵਿਅਕਤੀ ਨੂੰ ਉਮੀਦਵਾਰ ਬਣਾਵੇਗੀ। ਉਹਨਾਂ ਕਿਹਾ ਕਿ ਅੱਜ ਉਹਨਾਂ ਦੀ ਫੇਰੀ ਦਾ ਮਕਸਦ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਕਰਕੇ ਹਲਕੇ ’ਚ ਪੈਦਾ ਹੋਏ ਖਿਲਾਅ ਨੂੰ ਦੇਖਦਿਆਂ ਉਹ ਵਰਕਰਾਂ ਦੀ ਸਾਰ ਲੈਣਾ ਸੀ। ਉਹਨਾਂ ਕਿਹਾ ਕਿ ਬਠਿੰਡਾ ਨਿਵਾਸੀ ਕਾਂਗਰਸ ਨੂੰ ਪਿਆਰ ਕਰਦੇ ਹਨ ਅਤੇ ਕਾਂਗਰਸ ਦੇ ਨਾਲ ਹੀ ਚਟਾਨ ਵਾਂਗ ਖੜੇ ਹਨ।