ਚਮਕੌਰ ਸਾਹਿਬ ਤੋਂ 100 ਬੱਸਾਂ ਦਾ ਕਾਫ਼ਲਾ 2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਵਿਚ ਸ਼ਾਮਿਲ ਹੋਵੇਗਾ
ਚਮਕੌਰ ਸਾਹਿਬ – ਕਾਂਗਰਸ ਦੇ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ਦਾ ਦਲਿਤ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੀ, ਨਿੱਜੀ ਖੇਤਰਾਂ ਵਿਚ ਰਾਖਵਾਂਕਰਨ ਨਾ ਲਾਗੂ ਕਰਨ ਦਾ ਬਿਆਨ ਕਾਂਗਰਸੀ ਮਾਨਸਿਕਤਾ ਵਿਰੋਧੀ ਉਜਾਗਰ ਕਰਦਾ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਚਮਕੌਰ ਸਾਹਿਬ ਵਿਧਾਨ ਦੀ ਲੀਡਰਸ਼ਿਪ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅੱਜ ਤੱਕ ਨਾ ਗੁਰੂਆਂ ਦੇ ਸੁਪਨੇ ਪੂਰੇ ਕੀਤੇ ਨਾ ਸਾਹਿਬਜਾਦਿਆਂ ਦੀਆ ਕੁਰਬਾਨੀਆਂ ਦਾ ਮੁੱਲ ਪਾਇਆ। ਪੰਜਾਬ ਦੀ ਕਾਂਗਰਸ ਸਰਕਾਰ ਨੇ ਗੁਰੂਆਂ ਦੇ ਸੁਪਨੇ ,ਚੰਗੀ ਧਰਤੀ, ਚੰਗਾ ਪਾਣੀ ਤੇ ਚੰਗੀ ਹਵਾ ਅੱਜ ਤਕ ਪੁਰਾ ਨਹੀਂ ਹੋਇਆ, ਸਗੋਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਲਿਖਿਤ ਨੀਤੀ ਨਿਰਦੇਸ਼ਕ ਤੱਤਾਂ ਦੀ ਹਮੇਸ਼ਾ ਉਲੰਘਣਾ ਕਰਕੇ ਦਲਿਤਾਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਨੂੰ ਉਤਸਾਹਿਤ ਕਰਕੇ ਮਜ਼ਲੂਮ ਵਰਗਾਂ ਨੂੰ ਕੁਚਲਣ ਦਾ ਕੰਮ ਕੀਤਾ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ। ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਪਾਰਟੀ ਬਣਾਈ ਸੀ ਤਾਂਕਿ ਗੁਰੂਆਂ ਦੇ ਸੁਪਨਿਆਂ ਨੂੰ ਮੰਜਿਲ ਤੇ ਪਹੁੰਚਾਇਆ ਜਾ ਸਕੇ।ਸਰਦਾਰ ਜਸਵੀਰ ਗੜ੍ਹੀ ਨੇ ਕਿਹਾ ਕਿ ਬਸਪਾ ਦਾ ਕੋਈ ਵੀ ਵਰਕਰ ਕਿਸੇ ਦੂਜੀ ਪਾਰਟੀ ਵੱਲੋਂ ਦਿਤੇ ਗਏ ਬਿਆਨਾਂ ਤੋਂ ਗੁਮਰਾਹ ਨਾ ਹੋਵੇ, ਕਾਂਗਰਸ/ਅਕਾਲੀ ਦਲ ਭਾਜਪਾ ਜਾਤੀਵਾਦੀ ਸੋਚ ਤਹਿਤ ਤਰਾਂ ਤਰਾਂ ਦੀਆ ਚਾਲਾ ਚਲਦੀਆਂ ਆਈਆਂ ਨੇ ਤਾਂਕਿ ਹਾਥੀ ਨੂੰ ਕਮਜ਼ੋਰ ਕੀਤਾ ਜਾ ਸਕੇ। ਜਿਸ ਕਾਂਗਰਸ ਨੇ ਗਰੀਬ, ਪੱਛੜੇ ਨੂੰ ਦੁੱਖਾਂ ਭਰਿਆ ਜੀਵਨ ਦਿੱਤਾ, ਇਹਨਾਂ ਸਭ ਦੇ ਦੁੱਖਾਂ ਦਾ ਨਿਵਾਰਨ ਸਿਰਫ ਬਸਪਾ ਹੀ ਕਰ ਸਕਦੀ ਹੈ। 2002 ਤੋਂ ਕਾਂਗਰਸੀ/ਅਕਾਲੀ ਦੀਆ ਸਰਕਾਰਾਂ ਰਹੀਆਂ ਪਰ ਇਹਨਾਂ ਨੇ ਅੱਜ ਤੱਕ ਦਲਿਤ ਮੁਲਾਜ਼ਮਾਂ ਦੀ 85 ਵੀ ਸੋਧ ਹਾਲੇ ਤਕ ਲਾਗੂ ਨਹੀਂ ਕੀਤੀ। ਪੰਜਾਬ ਦੇ ਪਿਛੜੇ ਵਰਗਾ ਨੂੰ ਅੱਜ ਤਕ ਪੰਜਾਬ ਵਿੱਚ 27% ਰਿਜ਼ਰਵੇਸ਼ਨ ਨਹੀਂ ਮਿਲੀ। ਪੰਜਾਬ ਵਿੱਚ 35% ਦਲਿਤ ਹੈ ਤੇ 33% ਪਿਛੜਾ ਵਰਗ ਹੈ। ਦੋਨਾਂ ਵਰਗਾਂ ਦੀ 70% ਲਗਭਗ ਆਬਾਦੀ ਹੈ ਤੇ ਇਹਨਾਂ ਵਰਗਾ ਦੇ ਹਿਤ ਕਾਂਗਰਸ ਸਰਕਾਰ ਦੇ ਕਿਸੇ ਏਜੇਂਡੇ ਵਿੱਚ ਨਹੀਂ ਹਨ। ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇਰੀਆਂ ਨੇ ਕਿਹਾ ਕਿ ਚਮਕੌਰ ਸਾਹਿਬ ਵਿਧਾਨ ਸਭਾ ਤੋਂ 100 ਵੱਡੀਆਂ ਗੱਡੀਆਂ ਦਾ ਕਾਫਲਾ 2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਮਹਾਰੈਲੀ ਲਈ ਖੁਵਾਸਪੁਰਾ ਰੋਪੜ ਵਿਖੇ ਸ਼ਾਮਿਲ ਹੋਵੇਗਾ। ਇਸ ਮੌਕੇ ਜ਼ਿਲਾ ਮਾਸਟਰ ਰਾਮ ਪਾਲ, ਨਰਿੰਦਰ ਸਿੰਘ ਵਡਵਾਲੀ, ਕੁਲਦੀਪ ਸਿੰਘ ਪਪਰਾਲੀ, ਭਾਗ ਸਿੰਘ, ਗੁਰਪ੍ਰੀਤ ਸਿੰਘ ਭੂਰੜੇ, ਦਰਸ਼ਨ ਸਿੰਘ ਸਮਾਨਾ, ਪ੍ਰੇਮ ਸਿੰਘ ਮੋਰਿੰਡਾ, ਕਰਨੈਲ ਸਿੰਘ ਕਾਈਨੌਰ, ਡਾ ਸੁਰਜੀਤ ਸਿੰਘ ਲੱਖੋਵਾਲ, ਮਨਜੀਤ ਸਿੰਘ ਕਕਰਾਲੀ ਆਦਿ ਸ਼ਾਮਿਲ ਸਨ।